ਮੁੰਬਈ ਤੋਂ ਲਖਬੀਰ ਲੰਡਾ ਦਾ ਸਾਥੀ ਗ੍ਰਿਫ਼ਤਾਰ
ਨਵੀਂ ਦਿੱਲੀ, 23 ਦਸੰਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਕਥਿਤ ਖਾਲਿਸਤਾਨ ਪੱਖੀ ਲਖਬੀਰ ਸਿੰਘ ਉਰਫ ਲੰਡਾ ਅਤੇ ਗੈਂਗਸਟਰ ਬਚਿੱਤਰ ਸਿੰਘ ਉਰਫ ਪਵਿੱਤਰ ਬਟਾਲਾ ਦੇ ਸਹਿਯੋਗੀ ਨੂੰ ਅੱਜ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਦਾਸਪੁਰ ਜ਼ਿਲ੍ਹੇ ਦੇ ਜਤਿੰਦਰ ਸਿੰਘ ਉਰਫ ਜਯੋਤੀ ਵਜੋਂ ਹੋਈ ਹੈ। ਉਹ ਜੁਲਾਈ 2024 ਵਿੱਚ ਹਥਿਆਰਾਂ ਦੇ ਸਪਲਾਇਰ ਬਲਜੀਤ ਸਿੰਘ ਉਰਫ਼ ਰਾਣਾ ਭਾਈ ਦੀ ਗ੍ਰਿਫ਼ਤਾਰੀ ਤੋਂ ਬਾਅਦ ਤੋਂ ਭਗੌੜਾ ਸੀ। ਉਨ੍ਹਾਂ ਦੱਸਿਆ ਕਿ ਜਤਿੰਦਰ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦਾ ਮੈਂਬਰ ਸੀ। ਐੱਨਆਈਏ ਜਾਂਚ ਅਨੁਸਾਰ ਉਹ ਲੰਡਾ ਅਤੇ ਪਵਿੱਤਰ ਬਟਾਲਾ ਦੇ ਸਾਥੀਆਂ ਨੂੰ ਹਥਿਆਰ ਮੁਹੱਈਆ ਕਰਵਾਉਂਦਾ ਸੀ। ਉਹ ਮੱਧ ਪ੍ਰਦੇਸ਼ ਦੇ ਸਪਲਾਇਰ ਬਲਜੀਤ ਸਿੰਘ ਉਰਫ਼ ਰਾਣਾ ਭਾਈ ਤੋਂ ਹਥਿਆਰ ਖਰੀਦਦਾ ਸੀ, ਜਿਸ ਨੂੰ ਹਾਲ ਹੀ ਵਿੱਚ ਮਾਮਲੇ ਵਿੱਚ ਚਾਰਜਸ਼ੀਟ ਕੀਤਾ ਗਿਆ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਤਿੰਦਰ ਸਿੰਘ ਨੇ ਮੱਧ ਪ੍ਰਦੇਸ਼ ਤੋਂ ਦਸ ਪਿਸਤੌਲ ਲਿਆ ਕੇ ਪੰਜਾਬ ਦੇ ਲੰਡਾ ਅਤੇ ਪਵਿੱਤਰ ਬਟਾਲਾ ਦੇ ਕਾਰਕੁਨਾਂ ਨੂੰ ਸੌਂਪੇ ਸਨ। -ਪੀਟੀਆਈ