ਲੇਹ ਵਿਚ ਰਾਜ ਦੇ ਦਰਜੇ ਨੂੰ ਲੈ ਕੇ ਹਿੰਸਾ ਭੜਕੀ; ਸਲਾਨਾ ਲੱਦਾਖ ਸਮਾਗਮ ਰੱਦ
ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਨੂੰ ਅੱਗ ਲਾਈ, ਪੁਲੀਸ ਵੱਲੋਂ ਅਥਰੂ ਗੈਸ ਦੀ ਵਰਤੋਂ, ਲਾਠੀਆਂ ਵੀ ਵਰ੍ਹਾਈਆਂ
Ladakh violence:ਇੱਥੇ ਬੰਦ ਦੌਰਾਨ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋਣ ਤੋਂ ਬਾਅਦ ਆਖਰੀ ਦਿਨ ਚਾਰ ਦਿਨਾਂ ਸਾਲਾਨਾ ਲੱਦਾਖ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ। ਲੈਫਟੀਨੈਂਟ ਗਵਰਨਰ ਕਵਿੰਦਰ ਗੁਪਤਾ ਇੱਥੇ ਸ਼ੁਰੂ ਹੋਏ ਇਸ ਤਿਉਹਾਰ ਦੇ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਸਨ। ਪ੍ਰਸ਼ਾਸਨ ਨੇ ਅਣਚਾਹੇ ਹਾਲਾਤਾਂ ਕਾਰਨ ਚੱਲ ਰਹੇ ਲੱਦਾਖ ਫੈਸਟੀਵਲ ਦੇ ਆਖਰੀ ਦਿਨ ਅਤੇ ਸਮਾਪਤੀ ਸਮਾਰੋਹ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ।
ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ,“ ਪ੍ਰਸ਼ਾਸਨ ਸਥਾਨਕ ਕਲਾਕਾਰਾਂ, ਸੱਭਿਆਚਾਰਕ ਸਮੂਹਾਂ, ਸੈਲਾਨੀਆਂ ਅਤੇ ਲੱਦਾਖ ਦੇ ਲੋਕਾਂ ਸਮੇਤ ਸਾਰੇ ਹਿੱਸੇਦਾਰਾਂ ਨੂੰ ਹੋਈ ਅਸੁਵਿਧਾ ਲਈ ਡੂੰਘਾ ਅਫ਼ਸੋਸ ਕਰਦਾ ਹੈ, ਜੋ ਇਸ ਸਮਾਗਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ।”
ਪ੍ਰਸ਼ਾਸਨ ਨੇ ਜਨਤਾ ਨੂੰ ਸਹਿਯੋਗ ਦੀ ਅਪੀਲ ਕੀਤੀ ਅਤੇ ਤਿਉਹਾਰ ਵਿੱਚ ਭਾਰੀ ਸਮਰਥਨ ਅਤੇ ਭਾਗੀਦਾਰੀ ਲਈ ਧੰਨਵਾਦ ਪ੍ਰਗਟ ਕੀਤਾ।
ਸਿੱਖਿਆ ਸ਼ਾਸਤਰੀ ਸੋਨਮ ਵਾਂਗਚੁਕ ਦੀ 35 ਦਿਨਾਂ ਦੀ ਭੁੱਖ ਹੜਤਾਲ ਦਾ ਸਮਰਥਨ ਕਰਨ ਵਾਲੇ ਦੋ ਲੋਕਾਂ ਦੀ ਸਿਹਤ ਵਿਗੜਨ ਤੋਂ ਬਾਅਦ ਬੁੱਧਵਾਰ ਸਵੇਰੇ ਲੱਦਾਖ ਦੇ ਲੇਹ ਜ਼ਿਲ੍ਹੇ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ । ਸਿੱਖਿਆ ਸ਼ਾਸਤਰੀ ਸੋਨਮ ਵਾਂਗਚੁਕ ਲੱਦਾਖ ਨੂੰ ਰਾਜ ਦਾ ਦਰਜਾ ਦੇਣ ਅਤੇ ਛੇਵੀਂ ਅਨੁਸੂਚੀ ਵਿਚ ਸ਼ਾਮਲ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪਿਛਲੇ 35 ਦਿਨਾਂ ਤੋਂ ਭੁੱਖ ਹੜਤਾਲ ’ਤੇ ਹਨ।
ਲੇਹ ਦੇ ਨੌਜਵਾਨਾਂ ਨੇ ‘ਲੱਦਾਖ ਨੂੰ ਅਧਿਕਾਰ’ ਨਾ ਦੇਣ ਲਈ ਕੇਂਦਰ ਸਰਕਾਰ ਵਿਰੁੱਧ ਇਕੱਠੇ ਹੋਣ ਅਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ। ਹਾਲਾਂਕਿ, ਵਿਰੋਧ ਪ੍ਰਦਰਸ਼ਨ ਨੇ ਜਲਦੀ ਹੀ ਹਿੰਸਕ ਰੂਪ ਲੈ ਲਿਆ। ਨੌਜਵਾਨਾਂ ਨੇ ਲੇਹ ਵਿੱਚ ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ (LAHDC) ਦੀ ਇਮਾਰਤ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ਪੁਲੀਸ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਇਮਾਰਤ ਅਤੇ ਨੇੜੇ ਤਾਇਨਾਤ ਪੁਲੀਸ ਮੁਲਾਜ਼ਮਾਂ ’ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਕੁਝ ਵਾਹਨਾਂ ਨੂੰ ਅੱਗ ਵੀ ਲਗਾ ਦਿੱਤੀ ਗਈ, ਜਿਸ ਕਾਰਨ ਪੁਲੀਸ ਨੂੰ ਪ੍ਰਦਰਸ਼ਨਕਾਰੀਆਂ ’ਤੇ ਅੱਥਰੂ ਗੈਸ ਦੇ ਗੋਲੇ ਦਾਗਣੇ ਪਏ। ਪੁਲੀਸ ਨੇ ਲਾਠੀਚਾਰਜ ਵੀ ਕੀਤਾ।
ਸੋਨਮ ਵਾਂਗਚੁਕ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਰਾਜ ਦਾ ਦਰਜਾ ਅਤੇ ਸੰਵਿਧਾਨ ਦੀ ਛੇਵੀਂ ਸ਼ਡਿਊਲ ਦੀ ਮੰਗ ਨੂੰ ਲੈ ਕੇ 35 ਦਿਨਾਂ ਦੀ ਭੁੱਖ ਹੜਤਾਲ ’ਤੇ ਹੈ। ਕੇਂਦਰ ਸਰਕਾਰ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਲੇਹ ਐਪਕਸ ਬਾਡੀ (LAB) ਅਤੇ ਕਾਰਗਿਲ ਡੈਮੋਕਰੈਟਿਕ ਅਲਾਇੰਸ (KDA) ਸਮੇਤ ਲੱਦਾਖ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰ ਰਹੀ ਹੈ।
KDA ਨੇ ਵੀਰਵਾਰ ਨੂੰ ਪੂਰਨ ਬੰਦ ਦਾ ਸੱਦਾ ਦਿੱਤਾ ਹੈ। ਆਖਰੀ ਖ਼ਬਰਾਂ ਲਿਖੇ ਜਾਣ ਤੱਕ ਸਥਿਤੀ ਆਮ ਵਾਂਗ ਨਹੀਂ ਹੋਈ ਸੀ। ਲੱਦਾਖ ਦੇ ਦੋਵਾਂ ਜ਼ਿਲ੍ਹਿਆਂ ਲੇਹ ਅਤੇ ਕਾਰਗਿਲ ਵਿੱਚ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ।