Kunal Kamra: ਸ਼ਿੰਦੇ 'ਤੇ ਟਿੱਪਣੀ ਲਈ ਮੁਆਫ਼ੀ ਨਹੀਂ ਮੰਗਾਂਗਾ: ਕੁਨਾਲ ਕਾਮਰਾ
Will not apologise for remarks on Shinde, poking fun at leaders not against law: comic Kunal Kamra
ਹਾਸਰਸ ਕਲਾਕਾਰ ਨੇ ਆਪਣੇ ਖ਼ਿਲਾਫ਼ ਕੇਸ ਦਰਜ ਹੋਣ ਦੀ ਪ੍ਰਵਾਹ ਨਾ ਕਰਦਿਆਂ ਸ਼ਿਵ ਸੈਨਿਕਾਂ ਖ਼ਿਲਾਫ਼ ਇਕ ਹੋਰ ਵੀਡੀਓ ਪਾਈ; ਕੀਤਾ ਦਾਅਵਾ: ਆਗੂਆਂ ਦਾ ਮਜ਼ਾਕ ਉਡਾਉਣਾ ਕਾਨੂੰਨ ਦੀ ਖ਼ਿਲਾਫ਼ ਵਰਜੀ ਨਹੀਂ
ਮੁੰਬਈ/ਨਵੀਂ ਦਿੱਲੀ, 25 ਮਾਰਚ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਬਾਰੇ ਟਿੱਪਣੀ ਲਈ ਆਪਣੇ ਖ਼ਿਲਾਫ਼ ਕੇਸ ਦਰਜ ਹੋਣ ਦੀ ਪ੍ਰਵਾਹ ਨਾ ਕਰਦਿਆਂ ਕਾਮੇਡੀ ਕਲਾਕਾਰ ਕੁਨਾਲ ਕਾਮਰਾ ਨੇ ਬੀਤੀ ਦੇਰ ਰਾਤ ਇੱਕ ਬਿਆਨ ਵਿੱਚ ਕਿਹਾ ਕਿ ਉਹ ਇਸ ਲਈ ਸ਼ਿੰਦੇ ਤੋਂ ਮੁਆਫ਼ੀ ਨਹੀਂ ਮੰਗਣਗੇ। ਉਨ੍ਹਾਂ ਕਿਹਾ, ‘‘ਮੈਂ ਨਾ ਤਾਂ ਮੁਆਫ਼ੀ ਮੰਗਾਂਗਾ ਅਤੇ ਨਾ ਹੀ ਮੰਜੇ ਹੇਠਾਂ ਛੁਪਾਂਗਾ ਤਾਂ ਕਿ ਮਾਮਲਾ ਠੰਢਾ ਪੈ ਜਾਵੇ।’’
ਮੁੰਬਈ ਪੁਲੀਸ ਨੇ ਇਸ ਮਾਮਲੇ ਵਿਚ ਸਟੈਂਡ-ਅੱਪ ਕਾਮੇਡੀਅਨ ਨੂੰ ਨੋਟਿਸ ਜਾਰੀ ਕੀਤਾ। ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ 36 ਸਾਲਾ ਕਾਮਰਾ, ਜੋ ਅਕਸਰ ਆਪਣੇ ਸਥਾਪਤੀ ਵਿਰੋਧੀ ਵਿਚਾਰਾਂ ਲਈ ਵਿਵਾਦਾਂ ਵਿਚ ਰਹਿੰਦਾ ਹੈ, ਨੂੰ ਇਸ ਮਾਮਲੇ ਵਿੱਚ ਮੁੰਬਈ ਦੀ ਖਾਰ ਪੁਲੀਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਪਿੱਛੇ ਨਾ ਹਟਣ ਦਾ ਸਾਫ਼ ਸੰਕੇਤ ਦਿੰਦਿਆਂ ਕਾਮਰਾ ਨੇ ਮੰਗਲਵਾਰ ਨੂੰ ਆਪਣੇ ਸਟੈਂਡ ਅੱਪ ਐਕਟ ਦੀ ਇੱਕ ਸੰਪਾਦਿਤ ਵੀਡੀਓ ਸਾਂਝੀ ਕਰਦਿਆਂ ਆਪਣੇ ਸਟੈਂਡ ਨੂੰ ਮੁੜ ਦੁਹਰਾਇਆ। ਇਸ ਵਿਚ ਉਸਨੇ ਸ਼ਿਵ ਸੈਨਿਕਾਂ ਵੱਲੋਂ ਉਸ ਦੇ ਰਿਕਾਰਡਿੰਗ ਵਾਲੇ ਸਟੂਡੀਓ ਦੀ ਤੋੜ-ਭੰਨ ਕੀਤੇ ਜਾਣ ਤੇ ਉਸ ਦੀਆਂ ਤਸਵੀਰਾਂ ਅਤੇ ਪੁਤਲੇ ਸਾੜਨ ਦੇ ਵਿਡੀਓਜ਼ ਨੂੰ ਵੀ ਨਾਲ ਲਾਇਆ ਹੈ ਅਤੇ ਪਿਛੋਕੜ ਵਿਚ ਇਕ ਪੈਰੋਡੀ ਗੀਤ "ਹਮ ਹੋਂਗੇ ਕੰਗਲ, ਹਮ ਹੋਂਗੇ ਕੰਗਲ ਏਕ ਦਿਨ’’ ਵਜਾਇਆ ਹੈ।
ਆਪਣੇ ਇੰਸਟਾਗ੍ਰਾਮ ਬਾਇਓ ਦੇ ਅਨੁਸਾਰ ਕਾਮਰਾ ਇਸ ਵੇਲੇ ਪਾਂਡੀਚੇਰੀ ਵਿੱਚ ਹੈ। ਉਸ ਨੇ ਇਕ ਬੇਦਾਅਵੇ ਨਾਲ ਆਪਣੀ X ਸਿਰਲੇਖ ਦੀ ਫੋਟੋ ਨੂੰ ਵੀ ਅਪਡੇਟ ਕੀਤਾ ਹੈ, ਜਿਸ ਵਿੱਚ ਲਿਖਿਆ ਹੈ: "ਇਸ ਪ੍ਰੋਗਰਾਮ ਵਿੱਚ ਮਾੜੀ ਭਾਸ਼ਾ, ਅਪਮਾਨਜਨਕ ਸਮੱਗਰੀ ਸ਼ਾਮਲ ਹੈ ਅਤੇ ਇਹ ਉਨ੍ਹਾਂ ਦੇ ਦੇਖਣਯੋਗ ਨਹੀਂ ਜਿਨ੍ਹਾਂ ਦੀਆਂ ਭਾਵਨਾਵਾਂ ਅਤੇ ਜਜ਼ਬਾਤ ਨੂੰ ਠੇਸ ਪਹੁੰਚ ਸਕਦੀ ਹੈ। ਤੁਹਾਡੇ ਵੱਲੋਂ ਆਪਣੀ ਮਰਜ਼ੀ ਨਾਲ ਇਸ ਨੂੰ ਦੇਖੇ ਜਾਣ ’ਤੇ ਤੁਹਾਨੂੰ ਆਉਣ ਵਾਲੇ ਕਿਸੇ ਗੁੱਸੇ ਜਾਂ ਪੁੱਜਣ ਵਾਲੀ ਠੇਸ ਲਈ ਕੋਈ ਹੋਰ ਨਹੀਂ, ਸਗੋਂ ਸਿਰਫ਼ ਤੁਸੀਂ ਹੀ ਜ਼ਿੰਮੇਵਾਰ ਹੋ।’’
ਆਪਣੇ ਜਵਾਬ ਵਿੱਚ ਸ਼ਿੰਦੇ ਨੇ ਸੋਮਵਾਰ ਨੂੰ ਬੀਬੀਸੀ ਮਰਾਠੀ ਨੂੰ ਕਿਹਾ, "ਬੋਲਣ ਦੀ ਆਜ਼ਾਦੀ ਹੈ। ਅਸੀਂ ਵਿਅੰਗ ਸਮਝਦੇ ਹਾਂ। ਪਰ ਇੱਕ ਹੱਦ ਹੋਣੀ ਚਾਹੀਦੀ ਹੈ। ਇਹ ਕਿਸੇ ਵਿਰੁੱਧ ਬੋਲਣ ਲਈ 'ਸੁਪਾਰੀ' ਲੈਣ ਵਰਗੀ ਗੱਲ ਹੈ।" ਸਟੂਡੀਓ ਦੀ ਭੰਨਤੋੜ ਕਰਨ ਵਾਲੇ ਸ਼ਿਵ ਸੈਨਿਕਾਂ 'ਤੇ ਸ਼ਿੰਦੇ ਨੇ ਕਿਹਾ: "ਐਕਸ਼ਨ ਕਾਰਨ ਪ੍ਰਤੀਕਿਰਿਆ ਹੁੰਦੀ ਹੈ। ਮੈਂ ਇਸ 'ਤੇ ਜ਼ਿਆਦਾ ਨਹੀਂ ਬੋਲਾਂਗਾ। ਮੈਂ ਭੰਨਤੋੜ ਨੂੰ ਜਾਇਜ਼ ਨਹੀਂ ਠਹਿਰਾਉਂਦਾ।"
ਕਾਮਰਾ ਦੀ ਸਬੰਧਤ ਵੀਡੀਓ ਨੂੰ ਸਿਰਫ ਦੋ ਦਿਨਾਂ ਵਿੱਚ 43 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਨੇ ਸੋਮਵਾਰ ਰਾਤ ਨੂੰ ਆਪਣੇ ਬਿਆਨ ਵਿੱਚ ਕਿਹਾ: "ਮੈਂ ਮੁਆਫ਼ੀ ਨਹੀਂ ਮੰਗਾਂਗਾ। ਮੈਂ ਜੋ ਕਿਹਾ, ਉਹੀ ਹੈ ਜੋ ਸ੍ਰੀ ਅਜੀਤ ਪਵਾਰ (ਪਹਿਲੇ ਉਪ ਮੁੱਖ ਮੰਤਰੀ) ਨੇ ਸ੍ਰੀ ਏਕਨਾਥ ਸ਼ਿੰਦੇ (ਦੂਜੇ ਉਪ ਮੁੱਖ ਮੰਤਰੀ) ਬਾਰੇ ਕਿਹਾ ਸੀ। ਮੈਂ ਇਸ ਭੀੜ ਤੋਂ ਨਹੀਂ ਡਰਦਾ ਅਤੇ ਮੈਂ ਮੰਜੇ ਹੇਠਾਂ ਛੁਪ ਕੇ ਮਾਮਲਾ ਠੰਢਾ ਪੈਣ ਦੀ ਉਡੀਕ ਨਹੀਂ ਕਰਾਂਗਾ।’’
ਉਨ੍ਹਾਂ ਹੋਰ ਕਿਹਾ, ‘‘ਜਿੱਥੋਂ ਤੱਕ ਮੈਂ ਜਾਣਦਾ ਹਾਂ, ਸਾਡੇ ਨੇਤਾਵਾਂ ਅਤੇ ਸਾਡੀ ਸਿਆਸੀ ਪ੍ਰਣਾਲੀ ਦਾ ਮਜ਼ਾਕ ਉਡਾਉਣਾ ਕਾਨੂੰਨ ਦੇ ਵਿਰੁੱਧ ਨਹੀਂ ਹੈ।’’ -ਪੀਟੀਆਈ