ਫੌਜ ਵੱਲੋਂ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਬੰਗਲਾ ਭਾਸ਼ੀ ਪਰਵਾਸੀ ਮਜ਼ਦੂਰਾਂ ’ਤੇ ਕਥਿਤ ਅਤਿਆਚਾਰ ਖ਼ਿਲਾਫ਼ ਤ੍ਰਿਣਮੂਲ ਕਾਂਗਰਸ ਵੱਲੋਂ ਬਣਾਈ ਸਟੇਜ ਤੋੜੇ ਜਾਣ ਤੋਂ ਇੱਕ ਦਿਨ ਬਾਅਦ ਕੋਲਕਾਤਾ ਪੁਲੀਸ ਨੇ ਅੱਜ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਦੋਸ਼ ਹੇਠ ਫੌਜੀ ਟਰੱਕ ਨੂੰ ਰੋਕ ਲਿਆ। ਟਰੱਕ ਚਲਾ ਰਹੇ ਫ਼ੌਜੀ ਜਵਾਨ ਖ਼ਿਲਾਫ਼ ਖ਼ਤਰਨਾਕ ਢੰਗ ਨਾਲ ਵਾਹਨ ਚਲਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਰਾਈਟਰਜ਼ ਬਿਲਡਿੰਗ ਅੱਗੇ ਸਵੇਰੇ 11 ਵਜੇ ਵਾਪਰੀ। ਪੁਲੀਸ ਨੇ ਕਿਹਾ, ‘‘ਵਾਹਨ ਦੀ ਰਫ਼ਤਾਰ ਤੇਜ਼ ਸੀ ਜਿਸ ਕਾਰਨ ਮੋੜ ’ਤੇ ਵੱਡਾ ਹਾਦਸਾ ਵਾਪਰ ਸਕਦਾ ਸੀ। ਕੋਲਕਾਤਾ ਪੁਲੀਸ ਕਮਿਸ਼ਨਰ ਮਨੋਜ ਵਰਮਾ ਦੀ ਗੱਡੀ ਟਰੱਕ ਦਾ ਪਿੱਛਾ ਕਰ ਰਹੀ ਸੀ।’’
ਉਧਰ ਫੌਜੀ ਅਧਿਕਾਰੀਆਂ ਨੇ ਕਿਹਾ ਕਿ ਟਰੱਕ ਕੋਲਕਾਤਾ ਸਥਿਤ ਫੌਜ ਦੇ ਪੂਰਬੀ ਕਮਾਂਡ ਹੈੱਡਕੁਆਰਟਰ ਫੋਰਟ ਵਿਲੀਅਮ ਤੋਂ ਬੀ ਬੀ ਡੀ ਬਾਗ਼ ਨੇੜੇ ਬ੍ਰੋਬੌਰਨ ਰੋਡ ’ਤੇ ਪਾਸਪੋਰਟ ਦਫ਼ਤਰ ਜਾ ਰਿਹਾ ਸੀ। ਪੁਲੀਸ ਦੋ ਜਵਾਨਾਂ ਨੂੰ ਲਿਜਾ ਰਹੇ ਟਰੱਕ ਨੂੰ ਹੇਅਰ ਸਟਰੀਟ ਥਾਣੇ ਲੈ ਗਈ। ਫੋਰਟ ਵਿਲੀਅਮ ਦੇ ਅਧਿਕਾਰੀ ਵੀ ਥਾਣੇ ਪਹੁੰਚ ਗਏ। ਉਨ੍ਹਾਂ ਕਿਸੇ ਵੀ ਗੜਬੜੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੋਈ ਟਰੈਫਿਕ ਉਲੰਘਣ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਫੌਜ ਨੇ ਆਪਣੇ ਮਾਲਕੀ ਵਾਲੇ ਮੈਦਾਨ ਖੇਤਰ ਵਿੱਚ ਸੋਮਵਾਰ ਨੂੰ ਟੀ ਐੱਮ ਸੀ ਦੀ ਸਟੇਜ ਇਹ ਕਹਿੰਦਿਆਂ ਹਟਾ ਦਿੱਤੀ ਸੀ ਕਿ ਪਾਰਟੀ ਨੇ ਪ੍ਰੋਗਰਾਮ ਦੀ ਮਨਜ਼ੂਰੀ ਦੀ ਮਿਆਦ ਪੂਰੀ ਕਰ ਲਈ ਹੈ। ਘਟਨਾ ਸਥਾਨ ’ਤੇ ਪੁੱਜੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਸੀ ਕਿ ਭਾਜਪਾ ਵਿਰੋਧ ਦੀ ਸਿਆਸਤ ਲਈ ਆਪਣਾ ਏਜੰਡਾ ਵਧਾਉਂਦਿਆਂ ਫੌਜ ਦੀ ਦੁਰਵਰਤੋਂ ਕਰ ਰਹੀ ਹੈ। ਵੀਡੀਓ ਅਨੁਸਾਰ, ਟਰੱਕ ਵਰਮਾ ਦੀ ਕਾਰ ਨਾਲ ਟਕਰਾਉਣ ਤੋਂ ਵਾਲ-ਵਾਲ ਬਚ ਗਿਆ ਅਤੇ ਇਸ ਹਾਦਸੇ ਤੋਂ ਬਚਣ ਲਈ ਸਿਗਨਲ ’ਤੇ ਸੱਜੇ ਪਾਸੇ ਤੇਜ਼ੀ ਨਾਲ ਅੱਗੇ ਨਿਕਲ ਗਿਆ। ਵਰਮਾ ਦਾ ਵਾਹਨ ਫੌਜ ਦੇ ਟਰੱਕ ਪਿੱਛੇ ਜਾ ਰਿਹਾ ਸੀ। ਅੱਗੇ ਚੌਕ ’ਤੇ ਟਰੈਫਿਕ ਪੁਲੀਸ ਅਧਿਕਾਰੀਆਂ ਨੇ ਟਰੱਕ ਨੂੰ ਤੇਜ਼ ਰਫ਼ਤਾਰ ਨਾਲ ਆਉਂਦੇ ਦੇਖਿਆ ਅਤੇ ਟਰੈਫਿਕ ਨਿਯਮ ਦੀ ਉਲੰਘਣਾ ਕਰਨ ’ਤੇ ਇਸਨੂੰ ਰੋਕ ਲਿਆ।