ਕੀਰਤਪੁਰ ਮਨਾਲੀ ਹਾਈਵੇ ਬੰਦ, ਡਵਾੜਾ ਨੇੜੇ ਐਂਬੂਲੈਂਸ ਹਾਦਸਾਗ੍ਰਸਤ
Himachal Weather: ਭਾਰੀ ਮੀਂਹ ਕਰਕੇ ਕੀਰਤਪੁਰ-ਮਨਾਲੀ ਕੌਮੀ ਸ਼ਾਹਰਾਹ (NH-3) ਐਤਵਾਰ ਨੂੰ ਮੰਡੀ ਜ਼ਿਲ੍ਹੇ ਦੇ ਬਨਾਲਾ ਨੇੜੇ ਮੁੜ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਪਹਾੜੀ ਤੋਂ ਪੱਥਰਾਂ ਦੇ ਲਗਾਤਾਰ ਡਿੱਗਣ ਕਾਰਨ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।
ਕੌਮੀ ਸ਼ਾਹਰਾਹ ਨੂੰ 30 ਅਗਸਤ ਦੀ ਸ਼ਾਮ ਨੂੰ ਕੁਝ ਸਮੇਂ ਲਈ ਬਹਾਲ ਕਰ ਦਿੱਤਾ ਗਿਆ ਸੀ ਅਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਸੀ, ਪਰ ਖਰਾਬ ਮੌਸਮ ਅਤੇ ਖ਼ਤਰੇ ਕਾਰਨ, ਇਸ ਨੂੰ ਰਾਤ ਨੂੰ ਮੁੜ ਬੰਦ ਕਰਨਾ ਪਿਆ। ਅਧਿਕਾਰੀਆਂ ਨੇ ਕਿਹਾ ਕਿ ਖੇਤਰ ਵਿੱਚ ਜ਼ਮੀਨ ਖਿਸਕਣ ਅਤੇ ਮਲਬੇ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ।
ਇਸ ਦੌਰਾਨ ਐਤਵਾਰ ਸਵੇਰੇ ਡਵਾੜਾ ਕੋਲ ਇੱਕ ਐਂਬੂਲੈਂਸ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ ਸੜਕ ’ਤੇ ਤਿਲਕਣ ਕਰਕੇ ਬੇਕਾਬੂ ਹੋ ਗਈ ਅਤੇ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੀ ਟੀਮ ਨੇ ਤੁਰੰਤ ਬਚਾ ਲਿਆ। ਕਰੇਨ ਦੀ ਮਦਦ ਨਾਲ ਐਂਬੂਲੈਂਸ ਨੂੰ ਸੜਕ ’ਤੇ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਇਸ ਦੇ ਨਾਲ ਹੀ ਮੰਡੀ-ਕੁੱਲੂ ਨੂੰ ਜੋੜਨ ਵਾਲਾ ਬਦਲਵਾਂ ਰਸਤਾ ਕਮੰਡ-ਕਟੋਲਾ ਵੀ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਦੋਵਾਂ ਜ਼ਿਲ੍ਹਿਆਂ ਵਿਚਕਾਰ ਸੜਕ ਸੰਪਰਕ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਪ੍ਰਸ਼ਾਸਨ ਨੇ ਲੋਕਾਂ ਨੂੰ ਮੌਸਮ ਵਿੱਚ ਸੁਧਾਰ ਹੋਣ ਤੱਕ ਯਾਤਰਾ ਕਰਨ ਤੋਂ ਬਚਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜਿਵੇਂ ਹੀ ਸਥਿਤੀ ਆਮ ਹੋ ਜਾਵੇਗੀ, ਬਹਾਲੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਐਮਰਜੈਂਸੀ ਸੇਵਾਵਾਂ ਅਲਰਟ ’ਤੇ ਹਨ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।