ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਿਹਾਰ ’ਚ ਕੀਤੇ ਜਾ ਰਹੇ ਤਿੱਖੇ ਚੋਣ ਪ੍ਰਚਾਰ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਮੋਦੀ ਇੰਝ ਰੈਲੀਆਂ ਕਰ ਰਹੇ ਹਨ ਜਿਵੇਂ ਉਨ੍ਹਾਂ ਦੇ ‘ਮੁੰਡੇ ਦਾ ਵਿਆਹ ਧਰਿਆ ਹੋਵੇ।’
ਮੋਦੀ ਨੂੰ ‘ਝੂਠਿਆਂ ਦੇ ਸਰਦਾਰ’ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਵਾਅਦੇ ਕਰ ਕੇ ਮੁੱਕਰ ਜਾਂਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇ ਐੱਨ ਡੀ ਏ ਦੀ ਬਿਹਾਰ ’ਚ ਮੁੜ ਸਰਕਾਰ ਬਣੀ ਤਾਂ ਭਾਜਪਾ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਨਹੀਂ ਬਣਾਏਗੀ ਅਤੇ ਉਸ ਦੀ ਬਜਾਏ ਭਗਵਾਂ ਪਾਰਟੀ ਆਪਣੇ ਕਿਸੇ ‘ਚੇਲੇ’ ਨੂੰ ਅਹੁਦਾ ਬਖ਼ਸ਼ੇਗੀ। ਵੈਸ਼ਾਲੀ ਜ਼ਿਲ੍ਹੇ ਦੇ ਰਾਜਾ ਪਾਕਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਖੜਗੇ ਨੇ ਜੈਪ੍ਰਕਾਸ਼ ਨਾਰਾਇਣ, ਰਾਮ ਮਨੋਹਰ ਲੋਹੀਆ ਅਤੇ ਕਰਪੂਰੀ ਠਾਕੁਰ ਜਿਹੇ ਸਮਾਜਵਾਦੀਆਂ ਨੂੰ ਧੋਖਾ ਦੇਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਨ੍ਹਾਂ ਮਹਿਲਾ ਵਿਰੋਧੀ ਪਾਰਟੀ ਭਾਜਪਾ ਨਾਲ ਹੱਥ ਮਿਲਾ ਲਏ ਹਨ। ਉਨ੍ਹਾਂ ਕਿਹਾ, ‘‘ਨਿਤੀਸ਼ ਕੁਮਾਰ ਭਾਜਪਾ ਦੀ ਗੋਦੀ ’ਚ ਬੈਠ ਗਿਆ ਹੈ ਜੋ ਮਨੂ ਸਮ੍ਰਿਤੀ ’ਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਜੇ ਪੀ, ਲੋਹੀਆ ਅਤੇ ਠਾਕੁਰ ਨੂੰ ਵਿਸਾਰ ਦਿੱਤਾ ਹੈ। ਉਹ ਦਲਿਤਾਂ, ਓ ਬੀ ਸੀਜ਼ ਅਤੇ ਈ ਬੀ ਸੀਜ਼ ਦੇ ਮੁੱਦਈ ਨਹੀਂ ਹੋ ਸਕਦੇ। ਮੋਦੀ ਤੇ ਨਿਤੀਸ਼ ਨੂੰ ਸਿਰਫ਼ ਆਪੋ ਆਪਣੀਆਂ ਕੁਰਸੀਆਂ ਦੀ ਫਿਕਰ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਦਲਿਤਾਂ ਨੂੰ ਬਿਹਾਰ ਸਮੇਤ ਦੇਸ਼ ਭਰ ’ਚ ਡਰਾਇਆ ਜਾ ਰਿਹਾ ਹੈ।

