ਖੜਗੇ ਨੇ ਪਹਿਲਗਾਮ ਹਮਲੇ ’ਤੇ ਚਰਚਾ ਲਈ ਵਿਸ਼ੇਸ਼ ਸੰਸਦ ਸੈਸ਼ਨ ਬੁਲਾਉਣ ਦੀ ਮੰਗ ਕੀਤੀ
ਨਵੀਂ ਦਿੱਲੀ, 29 ਅਪਰੈਲ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪਹਿਲਗਾਮ ਅਤਿਵਾਦੀ ਹਮਲੇ ’ਤੇ ਚਰਚਾ ਕਰਨ ਅਤੇ ਸਮੂਹਿਕ ਦ੍ਰਿੜਤਾ ਦਾ ਪ੍ਰਦਰਸ਼ਨ ਕਰਨ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ। ਪਿਛਲੇ ਹਫ਼ਤੇ ਹੋਏ ਭਿਆਨਕ ਹਮਲੇ ਦੇ ਮੱਦੇਨਜ਼ਰ ਕਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸਰਕਾਰ ਤੋਂ ਅਜਿਹੀ ਹੀ ਮੰਗ ਕੀਤੀ ਹੈ।
ਉਧਰ ਭਾਰਤ ਨੇ ਇਸ ਭਿਆਨਕ ਘਟਨਾ ਨਾਲ ਸਰਹੱਦ ਪਾਰ ਸਬੰਧਾਂ ਦਾ ਹਵਾਲਾ ਦਿੱਤਾ ਹੈ ਅਤੇ ਹਮਲੇ ਵਿਚ ਸ਼ਾਮਲ ਲੋਕਾਂ ਨੂੰ ਸਖ਼ਤ ਸਜ਼ਾ ਦੇਣ ਦਾ ਵਾਅਦਾ ਕੀਤਾ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਇੱਕ ਪੱਤਰ ਵਿਚ ਖੜਗੇ ਨੇ ਕਿਹਾ, "ਇਸ ਸਮੇਂ, ਜਦੋਂ ਏਕਤਾ ਅਹਿਮ ਹੈ, ਵਿਰੋਧੀ ਧਿਰ ਦਾ ਮੰਨਣਾ ਹੈ ਕਿ ਸੰਸਦ ਦੇ ਦੋਵਾਂ ਸਦਨਾਂ ਦਾ ਇਕ ਵਿਸ਼ੇਸ਼ ਸੈਸ਼ਨ ਜਲਦੀ ਤੋਂ ਜਲਦੀ ਬੁਲਾਇਆ ਜਾਣਾ ਜ਼ਰੂਰੀ ਹੈ।" ਉਨ੍ਹਾਂ ਕਿਹਾ, "ਇਹ 22 ਅਪ੍ਰੈਲ ਨੂੰ ਪਹਿਲਗਾਮ ਵਿਚ ਮਾਸੂਮ ਨਾਗਰਿਕਾਂ ’ਤੇ ਹੋਏ ਜ਼ਾਲਮ ਅਤਿਵਾਦੀ ਹਮਲੇ ਨਾਲ ਨਜਿੱਠਣ ਲਈ ਸਾਡੇ ਸਮੂਹਿਕ ਸੰਕਲਪ ਅਤੇ ਇੱਛਾ ਸ਼ਕਤੀ ਦਾ ਇੱਕ ਸ਼ਕਤੀਸ਼ਾਲੀ ਪ੍ਰਦਰਸ਼ਨ ਹੋਵੇਗਾ। ਸਾਨੂੰ ਉਮੀਦ ਹੈ ਕਿ ਸੈਸ਼ਨ ਉਸੇ ਅਨੁਸਾਰ ਬੁਲਾਇਆ ਜਾਵੇਗਾ।’’
Congress President and Leader of the Opposition in the Rajya Sabha Shri Mallikarjun Kharge has written to the PM last night requesting that a special session of both Houses of Parliament be convened at the earliest to demonstrate a collective will to deal with the situation… pic.twitter.com/v3F5unn6I8
— Jairam Ramesh (@Jairam_Ramesh) April 29, 2025
ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸੋਮਵਾਰ ਨੂੰ ਰਾਜਸਥਾਨ ਵਿਚ ਇਕ ਪਾਰਟੀ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ’ਤੇ ਵਰ੍ਹੇ। ਇਸ ਦੌਰਾਨ ਉਨ੍ਹਾਂ ਪਹਿਲਗਾਮ ਹਮਲੇ ’ਤੇ ਸਰਬ-ਪਾਰਟੀ ਮੀਟਿੰਗ ਵਿਚ ਸ਼ਾਮਲ ਨਾ ਹੋਣ ਅਤੇ ਭਾਜਪਾ ’ਤੇ ਦੇਸ਼ ਵਿਚ ਵੰਡ ਪੈਦਾ ਕਰਨ ਦਾ ਦੋਸ਼ ਲਗਾਇਆ। ਖੜਗੇ ਨੇ ਕਿਹਾ ਸੀ ਕਿ, ‘‘ਸੰਕਟ ਦੀ ਇਸ ਘੜੀ ਵਿਚ ਹਰ ਕੋਈ ਇਕੱਠੇ ਲੜਨਾ ਚਾਹੁੰਦਾ ਹੈ,ਪਰ ਭਾਜਪਾ ਜ਼ਹਿਰ ਫੈਲਾਉਣਾ ਅਤੇ ਲੋਕਾਂ ਨੂੰ ਵੰਡਣਾ ਚਾਹੁੰਦੀ ਹੈ।’’
ਪਾਰਟੀ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ X 'ਤੇ ਪੱਤਰ ਸਾਂਝਾ ਕੀਤਾ ਅਤੇ ਕਿਹਾ, "ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰੁਜਨ ਖੜਗੇ ਨੇ ਬੀਤੀ ਰਾਤ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿਚ ਹੋਏ ਬੇਰਹਿਮ ਅਤਿਵਾਦੀ ਹਮਲਿਆਂ ਤੋਂ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਸਮੂਹਿਕ ਇੱਛਾ ਸ਼ਕਤੀ ਦਾ ਪ੍ਰਦਰਸ਼ਨ ਕਰਨ ਲਈ ਸੰਸਦ ਦੇ ਦੋਵਾਂ ਸਦਨਾਂ ਦਾ ਇੱਕ ਵਿਸ਼ੇਸ਼ ਸੈਸ਼ਨ ਜਲਦੀ ਤੋਂ ਜਲਦੀ ਬੁਲਾਇਆ ਜਾਵੇ।’’ -ਪੀਟੀਆਈ