Khalistani links: ਐੱਨਆਈਏ ਵੱਲੋਂ ਮੈਕਲੋਡਗੰਜ ਵਿਚ ਛਾਪੇ
ਏਜੰਸੀ ਨੇ ਫੋਰੈਂਸਿਕ ਜਾਂਚ ਲਈ ਦਸਤਾਵੇਜ਼, ਕੰਪਿਊਟਰ ਹਾਰਡ ਡਰਾਈਵ ਅਤੇ ਮੋਬਾਈਲ ਫੋਨ ਸਮੇਤ ਕਈ ਚੀਜ਼ਾਂ ਜ਼ਬਤ ਕੀਤੀਆਂ
ਕੁਲਵਿੰਦਰ ਸੰਧੂ
ਮੈਕਲੋਡਗੰਜ, 4 ਜੁਲਾਈ
ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਦੇ 90ਵੇਂ ਜਨਮ ਦਿਨ ਨੂੰ ਲੈ ਕੇ ਜਾਰੀ ਜਸ਼ਨਾਂ ਦਰਮਿਆਨ ਕੌਮੀ ਜਾਂਚ ਏਜੰਸੀ (NIA) ਨੇ ਸ਼ੁੱਕਰਵਾਰ ਨੂੰ ਮੈਕਲੋਡਗੰਜ ਵਿਚ ਸਥਾਨਕ ਸੰਚਾਰ ਕੇਂਦਰ ਦੇ ਮਾਲਕ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਉਸ ਦੇ ਭਾਰਤ ਅਤੇ ਵਿਦੇਸ਼ਾਂ ਵਿੱਚ ਕੰਮ ਕਰ ਰਹੇ ਖਾਲਿਸਤਾਨੀ ਕਾਰਕੁਨਾਂ ਨਾਲ ਸਬੰਧ ਹੋਣ ਦਾ ਸ਼ੱਕ ਹੈ। ਸੂਤਰਾਂ ਨੇ ਦੱਸਿਆ ਕਿ ਇਹ ਛਾਪੇ ਦਲਾਈ ਲਾਮਾ ਦੇ ਜਨਮ ਦਿਨ ਸਮਾਰੋਹਾਂ ਵਿੱਚ ਸ਼ਾਮਲ ਹੋਣ ਵਾਲੇ ਕਈ ਵੀਵੀਆਈਪੀਜ਼ ਦੇ ਸੁਰੱਖਿਆ ਫ਼ਿਕਰਾਂ ਨਾਲ ਜੁੜੇ ਹਨ।
ਮੈਕਲੋਡਗੰਜ ਪੁਲੀਸ ਸਟੇਸ਼ਨ ਦੇ ਐੱਸਐੱਚਓ ਦੀਪਕ ਕੁਮਾਰ ਨੇ ਕਿਹਾ ਕਿ ਉਨ੍ਹਾਂ ਕੋਲ ਐੱਨਆਈਏ ਦੀ ਇਸ ਕਾਰਵਾਈ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ, ‘‘ਅਸੀਂ ਵੇਰਵਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਉੱਚ-ਪੱਧਰੀ ਸੁਰੱਖਿਆ ਫ਼ਿਕਰਾਂ ਨਾਲ ਜੁੜਿਆ ਮਾਮਲਾ ਜਾਪਦਾ ਹੈ।’’ ਧਰਮਸ਼ਾਲਾ ਸਥਿਤ ਇੱਕ ਹੋਰ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਛਾਪਾ ਖਾਲਿਸਤਾਨੀ ਜਥੇਬੰਦੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਕਥਿਤ ਦਹਿਸ਼ਤਗਰਦਾਂ ਦੀਆਂ ਵਿੱਤੀ ਸਰਗਰਮੀਆਂ ਨਾਲ ਜੁੜਿਆ ਹੋਇਆ ਹੈ।
ਜਾਂਚ ਦੇ ਘੇਰੇ ਵਿਚ ਆਏ ਵਿਅਕਤੀ ਦੀ ਪਛਾਣ ਸੰਨੀ ਪੁੱਤਰ ਘਿੰਦਰੋ ਰਾਮ ਵਜੋਂ ਹੋਈ ਹੈ। ਉਹ ਮੁਕਾਮੀ ਨੌਜਵਾਨ ਹੈ ਅਤੇ ਦਲਾਈ ਲਾਮਾ ਦੀ ਮੌਨੈਸਟਰੀ ਨੇੜੇ ਸੰਚਾਰ ਕੇਂਦਰ ਚਲਾਉਂਦਾ ਹੈ। ਉਸ ਦਾ ਵਿਆਹ ਕਥਿਤ ਰੂਸੀ ਨਾਗਰਿਕ ਨਾਲ ਹੋਇਆ ਹੈ ਜੋ ਕਈ ਸਾਲਾਂ ਤੋਂ ਮੈਕਲੋਡਗੰਜ ਵਿੱਚ ਉਸ ਦੇ ਨਾਲ ਰਹਿ ਰਹੀ ਹੈ। ਇਹ ਖ਼ਬਰ ਲਿਖੇ ਜਾਣ ਤੱਕ ਸੰਨੀ ਦੇ ਘਰ ਅਤੇ ਉਸ ਦੇ ਕਮਿਊਨੀਕੇਸ਼ਨ ਸੈਂਟਰ ’ਤੇ ਐੱਨਆਈਏ ਦੀ ਛਾਪੇਮਾਰੀ ਜਾਰੀ ਸੀ।
ਏਜੰਸੀ ਨੇ ਫੋਰੈਂਸਿਕ ਜਾਂਚ ਲਈ ਦਸਤਾਵੇਜ਼, ਕੰਪਿਊਟਰ ਹਾਰਡ ਡਰਾਈਵ ਅਤੇ ਮੋਬਾਈਲ ਫੋਨ ਸਮੇਤ ਕਈ ਚੀਜ਼ਾਂ ਜ਼ਬਤ ਕੀਤੀਆਂ ਹਨ। ਸੂਤਰਾਂ ਅਨੁਸਾਰ, ਸੰਨੀ ਦੇ ਬੈਂਕ ਲੈਣ-ਦੇਣ ਅਤੇ ਵਿਦੇਸ਼ੀ ਮੁਦਰਾ ਗਤੀਵਿਧੀਆਂ ਨੇ ਸ਼ੱਕ ਪੈਦਾ ਕੀਤਾ ਹੈ। ਵਿਦੇਸ਼ ਬੈਠ ਵਿਅਕਤੀਆਂ ਖਾਸ ਕਰਕੇ ਖਾਲਿਸਤਾਨੀ ਨੈੱਟਵਰਕ ਨਾਲ ਜੁੜੇ ਲੋਕਾਂ ਨਾਲ ਉਸ ਦੇ ਸੰਭਾਵੀ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।