ਕੇਰਲਾ: ਸਥਾਨਕ ਸਰਕਾਰਾਂ ਚੋਣਾਂ ’ਚ ਯੂ ਡੀ ਐੱਫ ਦੀ ਝੰਡੀ
ਸੀ ਪੀ ਆਈ (ਐੱਮ) ਦੀ ਅਗਵਾਈ ਹੇਠਲਾ ਐੱਲ ਡੀ ਐੱਫ ਪੱਛਡ਼ਿਆ; ‘ਆਪ’ ਨੇ ਤਿੰਨ ਸੀਟਾਂ ਜਿੱਤੀਆਂ
ਕੇਰਲ ’ਚ ਸਥਾਨਕ ਸਰਕਾਰਾਂ ਬਾਰੇ ਚੋਣਾਂ ਦੇ ਸ਼ਾਮ ਪੰਜ ਵਜੇ ਤੱਕ ਦੇ ਰੁਝਾਨਾਂ ਅਨੁਸਾਰ ਕਾਂਗਰਸ ਦੀ ਅਗਵਾਈ ਹੇਠਲੇ ਯੂ ਡੀ ਐੱਫ ਨੇ ਪੂਰੇ ਸੂਬੇ ’ਚ ਵੱਡੀ ਲੀਡ ਹਾਸਲ ਕਰ ਲਈ ਹੈ। ਸੀ ਪੀ ਆਈ (ਐੱਮ) ਦੀ ਅਗਵਾਈ ਹੇਠਲੇ ਐੱਲ ਡੀ ਐੱਫ ਦੀ ਇਨ੍ਹਾਂ ਚੋਣਾਂ ’ਚ ਕਾਰਗੁਜ਼ਾਰੀ ਚੰਗੀ ਨਹੀਂ ਰਹੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਗ੍ਰਾਮ ਪੰਚਾਇਤ ਦੀਆਂ ਤਿੰਨ ਸੀਟਾਂ ਜਿੱਤੀਆਂ ਹਨ।
ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸੂਬੇ ਦੀਆਂ 941 ਗ੍ਰਾਮ ਪੰਚਾਇਤਾਂ ’ਚੋਂ 500 ’ਤੇ ਯੂਨਾਈਟਿਡ ਡੈਮੋਕਰੈਟਿਕ ਫਰੰਟ (ਯੂ ਡੀ ਐੱਫ) ਨੇ ਜਿੱਤ ਦਰਜ ਕੀਤੀ ਹੈ। ਲੈਫਟ ਡੈਮੋਕਰੈਟਿਕ ਫਰੰਟ (ਐੱਲ ਡੀ ਐੱਫ) ਨੇ 341 ਅਤੇ ਭਾਜਪਾ ਦੀ ਅਗਵਾਈ ਹੇਠਲੇ ਐੱਨ ਡੀ ਏ ਨੇ ਪੰਜ ਸੀਟਾਂ ਜਿੱਤੀਆਂ ਹਨ। 68 ਗ੍ਰਾਮ ਪੰਚਾਇਤਾਂ ’ਚ ਮੁਕਾਬਲਾ ਬਰਾਬਰ ਰਿਹਾ ਹੈ। ਇਸੇ ਤਰ੍ਹਾਂ 152 ਬਲਾਕ ਪੰਚਾਇਤਾਂ ’ਚੋਂ 77 ’ਤੇ ਯੂ ਡੀ ਐੱਫ, 64 ’ਤੇ ਐੱਲ ਡੀ ਐੱਫ ਨੇ ਜਿੱਤ ਦਰਜ ਕੀਤੀ ਹੈ। ਉੱਧਰ 87 ਨਗਰ ਪਾਲਿਕਾਵਾਂ ’ਚੋਂ ਯੂ ਡੀ ਐੱਫ ਨੇ 54, ਐੱਲ ਡੀ ਐੱਫ ਨੇ 28 ਸੀਟਾਂ ਹਾਸਲ ਕੀਤੀਆਂ ਹਨ। ਛੇ ਨਿਗਮਾਂ ’ਚੋਂ ਯੂ ਡੀ ਐੱਫ ਨੇ 4, ਐੱਲ ਡੀ ਐੱਫ ਨੇ 1 ਤੇ ਐੱਨ ਡੀ ਏ ਨੇ ਇੱਕ ਸੀਟ ਹਾਸਲ ਕੀਤੀ ਹੈ।
ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ ਇਨ੍ਹਾਂ ਚੋਣਾਂ ’ਚ ਐੱਲ ਡੀ ਐੱਫ ਆਸ ਮੁਤਾਬਕ ਨਤੀਜੇ ਹਾਸਲ ਨਹੀਂ ਕਰ ਸਕੀ। ਪਾਰਟੀ ਚੋਣ ਨਤੀਜਿਆਂ ਦੀ ਸਮੀਖਿਆ ਕਰੇਗੀ। ਸੀ ਪੀ ਆਈ (ਐੱਮ) ਦੇ ਰਾਜ ਸਕੱਤਰ ਐੱਮ ਵੀ ਗੋਵਿੰਦਨ ਨੇ ਕਿਹਾ ਕਿ ਚੋਣ ਨਤੀਜੇ ਪਾਰਟੀ ਲਈ ਝਟਕਾ ਹਨ ਤੇ ਉਹ ਸੁਧਾਰ ਸਬੰਧੀ ਕਦਮ ਚੁੱਕਣਗੇ।
ਕੇਰਲ ਕਾਂਗਰਸ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਸਨੀ ਜੌਸਫ ਨੇ ਕਿਹਾ ਕਿ ਵਿਰੋਧੀ ਗੱਠਜੋੜ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਸੰਕੇਤ ਮਿਲਦਾ ਹੈ ਕਿ ਜਨਤਾ ਨੇ ਹਾਕਮ ਐੱਲ ਡੀ ਐੱਫ ਨੂੰ ਨਕਾਰ ਦਿੱਤਾ ਹੈ।
ਤਿਰੂਵਨੰਤਪੁਰਮ ’ਚ ਭਾਜਪਾ ਨੇ ਰਚਿਆ ਇਤਿਹਾਸ
ਭਾਜਪਾ ਦੀ ਅਗਵਾਈ ਹੇਠਲੇ ਐੱਨ ਡੀ ਏ ਨੇ ਤਿਰੂਵਨੰਤਪੁਰਮ ਨਿਗਮ ਚੋਣਾਂ ’ਚ ਸ਼ਾਨਦਾਰ ਜਿੱਤ ਹਾਸਲ ਕਰਕੇ ਇਸ ਸੀਟ ’ਤੇ ਐੱਲ ਡੀ ਐੱਫ ਦਾ 45 ਸਾਲ ਦਾ ਰਾਜ ਖਤਮ ਕਰ ਦਿੱਤਾ ਹੈ। ਤਿਰੂਵਨੰਤਪੁਰਮ ਦੇ 101 ਵਾਰਡਾਂ ’ਚੋਂ ਭਾਜਪਾ ਨੇ 50, ਐੱਨ ਡੀ ਐੱਫ ਨੇ 29, ਯੂ ਡੀ ਐੱਫ ਨੇ 19 ਵਾਰਡ ਜਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਜਿੱਤ ਨੂੰ ਕੇਰਲਾ ਦੀ ਰਾਜਨੀਤੀ ’ਚ ਅਹਿਮ ਪਲ ਦੱਸਿਆ ਤੇ ਭਾਜਪਾ ਵਰਕਰਾਂ ਨੂੰ ਵਧਾਈ ਦਿੱਤੀ। ਇਸੇ ਤਰ੍ਹਾਂ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਚੋਣਾਂ ’ਚ ਕਾਂਗਰਸ ਦੀ ਜਿੱਤ ਦੇ ਨਾਲ ਹੀ ਭਾਜਪਾ ਨੂੰ ਵੀ ਤਿਰੂਵਨੰਤਪੁਰਮ ’ਚ ਹੋਈ ਜਿੱਤ ਲਈ ਵਧਾਈ ਦਿੱਤੀ ਤੇ ਕਿਹਾ ਕਿ ਲੋਕ ਫਤਵੇ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।

