ਕੇਰਲਾ: ਅਵਾਰਾ ਕੁੱਤਿਆਂ ਨੂੰ ਮਾਰਨ ਦੇ ਦੋਸ਼ ਹੇਠ ਮੁਨਾਰ ਦੀ ਪੰਚਾਇਤ ਖ਼ਿਲਾਫ਼ FIR ਦਰਜ
ਜਾਨਵਰਾਂ ਬਚਾਉਣ ’ਚ ਜੁਟੀ ਇਡੁੱਕੀ ਆਧਾਰਿਤ ਇੱਕ ਟੀਮ ਦੇ ਕਾਰਕੁਨ ਨੇ ਮੁਨਾਰ ਪੰਚਾਇਤ ਅਧਿਕਾਰੀਆਂ ਖਿਲਾਫ਼ ਸੈਂਕੜੇ ਅਵਾਰਾ ਕੁੱਤਿਆਂ ਨੁੂੰ ਮਾਰਨ ਦੋਸ਼ ਹੇਠ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਨੇ ਸਬੰਧਤ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ’ਚ ਕਿਹਾ ਗਿਆ ਕਿ ਪੰਚਾਇਤ ਅਧਿਕਾਰੀਆਂ ਵੱਲੋਂ ਹਾਲ ਹੀ ਵਿੱਚ ਸੈਂਕੜੇ ਕੁੱਤੇ ਮਾਰੇ ਗਏ ਹਨ।
ਸੋਸ਼ਲ ਮੀਡੀਆ ਤੇ ਵੱਖ ਵੱਖ ਟੀਵੀ ਚੈਨਲਾਂ ’ਤੇ ਇੱਕ ਵੀਡੀਓ ਸ਼ੇਅਰ ਵਾਇਰਲ ਹੋਈ, ਜਿਸ ਵਿੱਚ ਪੰਚਾਇਤੀ ਵਾਹਨ ਜ਼ਰੀਏ ਕੁੱਤਿਆਂ ਨੂੰ ਲਿਜਾਏ ਜਾਣ ਦੀ ਘਟਨਾ ਨਜ਼ਰ ਆ ਰਹੀ ਹੈ
ਸ਼ਿਕਾਇਤਕਰਤਾਵਾਂ ਨੇ ਦੋਸ਼ ਲਾਇਆ ਹੈ ਕਿ ਕਿ ਪੰਚਾਇਤ ਅਧਿਕਾਰੀਆਂ ਨੇ ਲਾਸ਼ਾਂ ਨੁੂੰ ਦੱਬੀਆਂ ਹੋਈਆਂ ਥਾਵਾਂ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, ‘‘ਸਾਨੁੂੰ ਜਾਣਕਾਰੀ ਮਿਲੀ ਸੀ ਕਿ ਪੰਚਾਇਤ ਉਸ ਥਾਂ ਤੋਂ ਲਾਸ਼ਾਂ ਨੁੂੰ ਗੁਪਤ ਤੌਰ ’ਤੇ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਥੇ ਉਨ੍ਹਾਂ ਨੁੂੰ ਸਾੜਿਆ ਗਿਆ ਸੀ।’’
ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਸ਼ਿਕਾਇਤ ਦੇ ਆਧਾਰ ’ਤੇ ਐੱਫ਼ਆਈਆਰ ਦਰਜ ਕੀਤੀ ਹੈ ਹਾਲਾਂਕਿ ਉਨ੍ਹਾਂ ਨੁੂੰ ਹੁਣ ਤੱਕ ਇਸ ਮਾਮਲੇ ’ਚ ਕੋਈ ਠੋਸ ਸਬੂਤ ਨਹੀਂ ਮਿਲਿਆ। ਪੰਚਾਇਤ ਵਾਹਨ ਦੇ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।’’
ਇਹ ਮਾਮਲਾ ਭਾਰਤੀ ਨਿਆਂ ਸੰਹਿਤਾ ਦੀ ਧਾਰਾ 325 ਅਤੇ ਜਾਨਵਰਾਂ ਪ੍ਰਤੀ ਬੇਰਹਿਮੀ ਰੋਕਥਾਮ ਐਕਟ (Provisions of the Prevention of Cruelty to Animals Act) ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮੁਨਾਰ ’ਚ ਅਵਾਰਾ ਕੁੱਤਿਆਂ ਦਾ ਖ਼ਤਰਾ ਵਧਦਾ ਰਿਹਾ ਹੈ ਅਤੇ ਪੰਚਾਇਤ ਨੁੂੰ ਲੋਕਾਂ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।