ਨਵੀਂ ਦਿੱਲੀ ’ਚ ਕਵੀ ਦਰਬਾਰ ਨੇ ਰੰਗ ਬੰਨ੍ਹਿਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਅਗਸਤ
ਪੰਜਾਬੀ ਅਕਾਦਮੀ ਦਿੱਲੀ ਵੱਲੋਂ ਇੱਥੋਂ ਦੇ ਐੱਲਟੀਜੀ ਆਡੀਟੋਰੀਅਮ (ਮੰਡੀ ਹਾਊਸ) ’ਚ ਕਰਵਾਏ ਕੌਮੀ ਕਵੀ ਦਰਬਾਰ ਦੌਰਾਨ ਨਵੀਂ ਪੀੜ੍ਹੀ ਦੇ ਕਵੀਆਂ ਨੇ ਰੰਗ ਬੰਨ੍ਹਿਆ। ਸਮਾਗਮ ਦੇ ਮੁੱਖ ਮਹਿਮਾਨ ਹਰਸ਼ਰਨ ਸਿੰਘ ਬੱਲੀ (ਮੀਤ ਚੇਅਰਮੈਨ ਪੰਜਾਬੀ ਅਕਾਦਮੀ) ਨੇ ਅਕਾਦਮੀ ਦੇ ਸਕੱਤਰ ਵਿਨੈ ਕੁਮਾਰ ਮੌਂਗੀਆ ਨਾਲ ਮਿਲ ਕੇ ਸ਼ਮਾਂ ਰੌਸ਼ਨ ਕੀਤੀ। ਸ੍ਰੀ ਬੱਲੀ ਨੇ ਕਿਹਾ ਕਿ ਅਕਾਦਮੀ ਦੇ ਅਗਲੇ ਪ੍ਰੋਗਰਾਮ ਉਲੀਕੇ ਜਾਣਗੇ। ਕਵੀ ਦਰਬਾਰ ਵਿਚ ਰਾਜਦੀਪ ਸਿੰਘ ਤੂਰ, ਅਜੀਤਪਾਲ ਜਟਾਣਾਂ, ਨਮਨਪ੍ਰੀਤ ਕੌਰ, ਬੂਟਾ ਸਿੰਘ ਚੌਹਾਨ, ਦੀਪਕ ਸ਼ਰਮਾ ਚਰਨਾਰਥਲ, ਕਰਨਜੀਤ ਕੋਮਲ ਸਮੇਤ ਹੋਰ ਕਵੀਆਂ ਨੇ ਮੌਜੂਦਾ ਸਮਾਜਿਕ ਪ੍ਰਬੰਧ, ਮਨੁੱਖੀ ਰਿਸ਼ਤਿਆਂ, ਮਾਨਸਿਕ ਦਬੰਧਾਂ, ਸਟੇਜੀ ਕਵਿਤਾ ਤੇ ਦੇਸ਼ ਭਗਤੀ ਦੇ ਵਿਸ਼ਿਆਂ ਨਾਲ ਸਬੰਧਤ ਰਚਨਾਵਾਂ ਸੁਣਾਈਆਂ। ਮਨਜੀਤ ਕੌਰ ਦੀ ਸਮੁੱਚੀ ਟੀਮ ਨੇ ਪੁਖਤਾ ਪ੍ਰਬੰਧ ਕੀਤੇ। ਅਕਾਦਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰਾਂ ਅਮਰਜੀਤ ਸਿੰਘ, ਦਵਿੰਦਰ ਪਾਲ ਸਿੰਘ ਚੱਢਾ, ਤੇਜਿੰਦਰ ਪਾਲ ਸਿੰਘ, ਮੋਹਿੰਦਰ ਪਾਲ ਸਿੰਘ ਨੇ ਕਵੀਆਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਨ ਕੁਲਬੀਰ ਗੋਜਰਾ ਨੇ ਕੀਤਾ।