ਕਸ਼ਮੀਰ ਵਾਦੀ ਠੰਢ ਦੀ ਜਕੜ ਵਿਚ, ਪੁਲਵਾਮਾ ਸਭ ਤੋਂ ਠੰਢਾ
ਸ੍ਰੀਨਗਰ ਵਿੱਚ ਬੁੱਧਵਾਰ ਰਾਤ ਨੂੰ ਮਨਫ਼ੀ 4 ਡਿਗਰੀ ਸੈਲਸੀਅਸ ਤਾਪਮਾਨ ਦਰਜ
ਕਸ਼ਮੀਰ ਵਿਚ ਠੰਢ ਦਾ ਕਹਿਰ ਜਾਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਕਸ਼ਮੀਰ ਵਿਚ ਘੱਟੋ-ਘੱਟ ਤਾਪਮਾਨ ਮਨਫੀ ਤੋਂ ਹੇਠਾਂ ਆ ਗਿਆ, ਜਦੋਂ ਕਿ ਵਾਦੀ ਦੇ ਬਹੁਤੇ ਹਿੱਸਿਆਂ ਵਿੱਚ ਧੁੰਦ ਦੀ ਮੋਟੀ ਪਰਤ ਛਾਈ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ ਵਿੱਚ ਰਾਤ ਦਾ ਤਾਪਮਾਨ ਬੁੱਧਵਾਰ ਰਾਤ ਨੂੰ ਮਨਫ਼ੀ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪਿਛਲੀ ਰਾਤ ਮਨਫ਼ੀ 4.4 ਡਿਗਰੀ ਸੈਲਸੀਅਸ ਤੋਂ ਥੋੜ੍ਹਾ ਵੱਧ ਸੀ।
ਉਨ੍ਹਾਂ ਕਿਹਾ ਕਿ ਸ੍ਰੀਨਗਰ ਅਤੇ ਵਾਦੀ ਦੇ ਹੋਰ ਹਿੱਸਿਆਂ, ਖਾਸ ਕਰਕੇ ਜਲ ਸਰੋਤਾਂ ਦੇ ਆਲੇ-ਦੁਆਲੇ ਖੇਤਰਾਂ ਵਿੱਚ ਧੁੰਦ ਦੀ ਸੰਘਣੀ ਚਾਦਰ ਛਾਈ ਹੋਈ ਹੈ। ਦੱਖਣੀ ਕਸ਼ਮੀਰ ਦਾ ਪੁਲਵਾਮਾ ਸ਼ਹਿਰ ਵਾਦੀ ਦਾ ਸਭ ਤੋਂ ਠੰਢਾ ਸਥਾਨ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ ਮਨਫ਼ੀ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਵਾਦੀ ਦੇ ਪ੍ਰਵੇਸ਼ ਦੁਆਰ, ਕਾਜ਼ੀਗੁੰਡ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 3.2 ਡਿਗਰੀ ਸੈਲਸੀਅਸ ਅਤੇ ਦੱਖਣੀ ਕਸ਼ਮੀਰ ਦੇ ਕੋਕਰਨਾਗ ਵਿੱਚ ਮਨਫ਼ੀ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੱਖਣੀ ਕਸ਼ਮੀਰ ਦੇ ਪਹਿਲਗਾਮ ਟੂਰਿਸਟ ਰਿਜ਼ੋਰਟ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਉੱਤਰੀ ਕਸ਼ਮੀਰ ਦੇ ਗੁਲਮਰਗ ਸਕੀਇੰਗ ਰਿਜ਼ੌਰਟ ਵਿੱਚ ਮਨਫੀ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਵੀਰਵਾਰ ਦੇਰ ਰਾਤ ਅਤੇ ਸ਼ੁੱਕਰਵਾਰ ਸਵੇਰੇ ਉੱਚੇ ਇਲਾਕਿਆਂ ਵਿੱਚ ਦੂਰ-ਦੁਰਾਡੇ ਥਾਵਾਂ 'ਤੇ ਹਲਕੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ 6-7 ਦਸੰਬਰ ਨੂੰ ਮੌਸਮ ਆਮ ਤੌਰ ’ਤੇ ਖੁਸ਼ਕ ਰਹੇਗਾ, ਪਰ 8 ਦਸੰਬਰ ਨੂੰ ਉੱਚੇ ਇਲਾਕਿਆਂ ਵਿੱਚ ਦੂਰ-ਦੁਰਾਡੇ ਥਾਵਾਂ ’ਤੇ ਹਲਕੀ ਬਰਫ਼ਬਾਰੀ ਦੀ ਸੰਭਾਵਨਾ ਹੈ।

