ਜੰਮੂ ਕਸ਼ਮੀਰ ਪੁਲੀਸ ਦੀ ਸੂਬਾਈ ਜਾਂਚ ਏਜੰਸੀ (ਐੱਸ ਆਈ ਏ) ਨੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਸ਼ਹਿ ਦੇਣ ਦੇ ਦੋਸ਼ ਹੇਠ ਅੱਜ ਇੱਥੇ ‘ਕਸ਼ਮੀਰ ਟਾਈਮਜ਼’ ਦੇ ਦਫ਼ਤਰ ’ਤੇ ਛਾਪਾ ਮਾਰ ਕੇ ਹੋਰ ਚੀਜ਼ਾਂ ਤੋਂ ਇਲਾਵਾ ਏ ਕੇ ਰਾਈਫਲਾਂ ਅਤੇ ਪਿਸਤੌਲ ਦੇ ਕਾਰਤੂਸ ਬਰਾਮਦ ਕੀਤੇ ਹਨ। ਕਸ਼ਮੀਰ ਟਾਈਮਜ਼ ਮੈਨੇਜਮੈਂਟ, ਨੈਸ਼ਨਲ ਕਾਨਫਰੰਸ ਅਤੇ ਪੀ ਡੀ ਪੀ ਨੇ ਇਸ ਕਾਰਵਾਈ ਨੂੰ ਮੀਡੀਆ ’ਤੇ ਹਮਲਾ ਕਰਾਰ ਦਿੱਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਐੱਸ ਆਈ ਏ ਨੇ ਪ੍ਰਕਾਸ਼ਕਾਂ ਅਤੇ ਪ੍ਰਮੋਟਰਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਮਗਰੋਂ ਅਖ਼ਬਾਰ ਦੇ ਕੰਪਲੈਕਸ ਤੇ ਕੰਪਿਊਟਰਾਂ ਦੀ ਜਾਂਚ ਕੀਤੀ ਹੈ। ਛਾਪੇ ਦੌਰਾਨ ਏ ਕੇ ਰਾਈਫਲ ਦੇ ਕਾਰਤੂਸ, ਪਿਸਤੌਲ ਦੇ ਕੁਝ ਕਾਰਤੂਸ ਤੇ ਹੈਂਡ ਗਰੇਨੇਡ ਪਿਨ ਸਮੇਤ ਕੁਝ ਹੋਰ ਸਾਮਾਨ ਜ਼ਬਤ ਕੀਤਾ ਹੈ। ਪ੍ਰਕਾਸ਼ਨ ਦੇ ਪ੍ਰਮੋਟਰਾਂ ਤੋਂ ਪੁੱਛ-ਪੜਤਾਲ ਹੋ ਸਕਦੀ ਹੈ।
ਦੂਜੇ ਪਾਸੇ ‘ਕਸ਼ਮੀਰ ਟਾਈਮਜ਼’ ਦੇ ਸੰਪਾਦਕ ਪ੍ਰਬੋਧ ਜਾਮਵਾਲ ਤੇ ਅਨੁਰਾਧਾ ਭਸੀਨੇ ਕਿਹਾ, ‘‘ਜੰਮੂ ’ਚ ਸਾਡੇ ਦਫ਼ਤਰ ’ਤੇ ਕਥਿਤ ਛਾਪਾ, ਦੇਸ਼ ਖ਼ਿਲਾਫ਼ ਗਤੀਵਿਧੀਆਂ ਦੇ ਬੇਬੁਨਿਆਦ ਦੋਸ਼ ਅਤੇ ‘ਕਸ਼ਮੀਰ ਟਾਈਮਜ਼’ ’ਤੇ ਕਾਰਵਾਈ ਸਾਨੂੰ ਚੁੱਪ ਕਰਾਉਣ ਦੀ ਇੱਕ ਹੋਰ ਕੋਸ਼ਿਸ਼ ਹੈ।’’ ਦੋਸ਼ਾਂ ਨੂੰ ‘ਡਰਾਉਣ ਦਾ ਢੰਗ’ ਦਸਦਿਆਂ ਸੰਪਾਦਕਾਂ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਲਾਏ ਗਏ ਦੋਸ਼ ਡਰਾਉਣ, ਗਲਤ ਸਾਬਤ ਕਰਨ ਅਤੇ ਅਖੀਰ ’ਚ ਚੁੱਪ ਕਰਾਉਣ ਲਈ ਹਨ ਪਰ ਉਹ ਚੁੱਪ ਨਹੀਂ ਰਹਿਣਗੇ। ਉਪ ਮੁੱਖ ਮੰਤਰੀ ਸੁਰਿੰਦਰ ਸਿੰਘ ਚੌਧਰੀ ਨੇ ਕਿਹਾ ਕਿ ਕਾਰਵਾਈ ਤਾਂ ਹੀ ਹੋਣੀ ਚਾਹੀਦੀ ਹੈ ਜਦੋਂ ਗ਼ਲਤ ਕੰਮ ਸਾਬਤ ਹੋ ਜਾਵੇ ਨਾ ਕਿ ਦਬਾਅ ਲਈ। ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀ ਡੀ ਪੀ) ਦੀ ਆਗੂ ਇਲਤਿਜਾ ਮੁਫ਼ਤੀ ਨੇ ਕਿਹਾ, ‘‘ਕਸ਼ਮੀਰ ਟਾਈਮਜ਼ ਉਨ੍ਹਾਂ ਗਿਣੇ-ਚੁਣੇ ਅਖ਼ਬਾਰਾਂ ’ਚੋਂ ਇੱਕ ਹੈ ਜਿਸ ਨੇ ਨਾ ਸਿਰਫ਼ ਸੱਚ ਬੋਲਿਆ ਸਗੋਂ ਦਬਾਅ ਤੇ ਧਮਕੀ ਅੱਗੇ ਝੁਕਣ ਤੋਂ ਵੀ ਇਨਕਾਰ ਕਰ ਦਿੱਤਾ। ਦੇਸ਼ ਵਿਰੋਧੀ ਗਤੀਵਿਧੀਆਂ ਦੇ ਨਾਂ ਹੇਠ ਉਨ੍ਹਾਂ ਦੇ ਦਫ਼ਤਰਾਂ ’ਤੇ ਛਾਪੇ ’ਚੋਂ ਜ਼ਿਆਦਤੀ ਦੀ ਝਲਕ ਪੈਂਦੀ ਹੈ।’’
ਧਮਾਕੇ ਦੇ ਚਾਰ ਮੁਲਜ਼ਮ ਐੱਨ ਆਈ ਦੀ ਹਿਰਾਸਤ ’ਚ
ਨਵੀਂ ਦਿੱਲੀ: ਦਿੱਲੀ ਦੀ ਅਦਾਲਤ ਨੇ ਲਾਲ ਕਿਲਾ ਧਮਾਕਾ ਕੇਸ ’ਚ ਚਾਰ ਮੁਲਜ਼ਮਾਂ ਨੂੰ 10 ਦਿਨ ਦੀ ਐੱਨ ਆਈ ਏ ਹਿਰਾਸਤ ’ਚ ਭੇਜ ਦਿੱਤਾ ਹੈ। ਐੱਨ ਆਈ ਏ ਨੇ ਮੁਲਜ਼ਮਾਂ ਤੋਂ ਪੁੱਛ ਪੜਤਾਲ ਲਈ 15 ਦਿਨ ਦੀ ਹਿਰਾਸਤ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਦਿਨੇ ਐੱਨ ਆਈ ਏ ਮੁਲਜ਼ਮਾਂ ’ਚ ਸ੍ਰੀਨਗਰ ਵਿੱਚ ਹਿਰਾਸਤ ’ਚ ਲਿਆ ਤੇ ਪਟਿਆਲਾ ਹਾਊਸ ਕੋਰਟ ’ਚ ਪੇਸ਼ ਕੀਤਾ। ਜ਼ਿਲ੍ਹਾ ਤੇ ਸੈਸ਼ਨ ਜੱਜ ਅੰਜੂ ਬਜਾਜ ਚਾਂਦਨਾ ਨੇ ਚਾਰੇ ਮੁਲਜ਼ਮਾਂ ਨੂੰ 10 ਦਿਨ ਦੀ ਐੱਨ ਆਈ ਏ ਹਿਰਾਸਤ ’ਚ ਭੇਜ ਦਿੱਤਾ। ਮੁਲਜ਼ਮਾਂ ’ਚ ਪੁਲਵਾਮਾ ਤੋਂ ਡਾ. ਮੁਜ਼ੱਮਿਲ ਸ਼ਕੀਲ ਗਨਈ, ਅਨੰਤਨਾਗ ਤੋਂ ਡਾ. ਅਦੀਲ ਅਹਿਮਦ ਰਾਠੇਰ, ਜੰਮੂ ਕਸ਼ਮੀਰ ਦੇ ਸ਼ੋਪੀਆਂ ਤੋਂ ਮੁਫ਼ਤੀ ਇਰਫਾਨ ਅਹਿਮਦ ਵਗਾਏ ਅਤੇ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਡਾ. ਸ਼ਾਹੀਨ ਸਈਦ ਸ਼ਾਮਲ ਹਨ। ਮੁਲਜ਼ਮਾਂ ਦੀ ਪੇਸ਼ੀ ਸਮੇਂ ਅਦਾਲਤ ’ਚ ਵੱਡੀ ਗਿਣਤੀ ਸੁਰੱਖਿਆ ਕਰਮੀ ਤਾਇਨਾਤ ਸਨ। ਅਦਾਲਤੀ ਕਾਰਵਾਈ ਦੌਰਾਨ ਮੀਡੀਆ ਨੂੰ ਅੰਦਰ ਆਉਣ ਤੋਂ ਰੋਕ ਦਿੱਤਾ ਗਿਆ। -ਪੀਟੀਆਈ

