ਕਰਨਾਟਕ: ਮੁੱਖ ਮੰਤਰੀ ਬਦਲਣ ਸਬੰਧੀ ਮਾਮਲੇ ’ਚ ਨਵਾਂ ਮੋੜ
ਜਾਤੀ ਅਧਾਰਤ ਗੁੱਟ ਅਹਿੰਦਾ ਵੱਲੋਂ ਸਿੱਧਾਰਮਈਆ ਤੇ ਵੋਕਾਲਿਗਾ ਵੱਲੋਂ ਸ਼ਿਵਕੁਮਾਰ ਦੀ ਹਮਾਇਤ
ਕਰਨਾਟਕ ਵਿੱਚ ਸੱਤਾ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਅੱਜ ਮੁੱਖ ਮੰਤਰੀ ਸਿੱਧਾਰਮਈਆ ਅਤੇ ਉਪ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ ਦੇ ਸਮਰਥਕ ਜਾਤੀ ਆਧਾਰਿਤ ਗਰੁੱਪਾਂ ਵੱਲੋਂ ਉਨ੍ਹਾਂ ਨੂੰ ਹਮਾਇਤ ਦੇਣ ਕਾਰਨ ਨਵਾਂ ਮੋੜ ਆ ਗਿਆ। ਇੱਕ ਗੁੱਟ ਨੇ ਮੌਜੂਦਾ ਮੁੱਖ ਮੰਤਰੀ ਨੂੰ ਹਟਾਉਣ ਖ਼ਿਲਾਫ਼ ਚਿਤਾਵਨੀ ਦਿੱਤੀ ਹੈ ਜਦਕਿ ਦੂਜੇ ਗੁੱਟ ਨੇ ਸ਼ਿਵਕੁਮਾਰ ਦੀ ਹਮਾਇਤ ਕੀਤੀ ਹੈ। ਦੂਜੇ ਪਾਸੇ ਕਾਂਗਰਸ ਹਾਈਕਮਾਂਡ ’ਤੇ ਇਹ ਵਿਵਾਦ ਨਿਬੇੜਨ ਲਈ ਵਧ ਰਹੇ ਦਬਾਅ ਦੌਰਾਨ ਪਾਰਟੀ ਮੁਖੀ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਉਹ ਮਾਮਲਾ ਸੁਲਝਾਉਣ ਲਈ ਰਾਹੁਲ ਗਾਂਧੀ, ਸਿੱਧਾਰਮਈਆ ਅਤੇ ਸ਼ਿਵਕੁਮਾਰ ਸਣੇ ਕੁਝ ਚੋਣਵੇਂ ਆਗੂਆਂ ਨਾਲ ਮੀਟਿੰਗ ਕਰਨਗੇ। ਸਿੱਧਾਰਮਈਆ ਦੇ ਬੇਟੇ ਯਤਿੰਦਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਵੱਲੋਂ ਪੰਜ ਸਾਲ ਦਾ ਕਾਰਜਕਾਲ ਦੌਰਾਨ ਅੱਧ ਵਿਚਾਲੇ ਅਸਤੀਫ਼ਾ ਦੇਣ ਦਾ ਕੋਈ ਕਾਰਨ ਨਹੀਂ ਹੈ।
ਅਹਿੰਦਾ (ਕੰਨੜ ਭਾਸ਼ਾ ’ਚ ਘੱਟਗਿਣਤੀ, ਪਛੜੇ ਵਰਗਾਂ ਅਤੇ ਦਲਿਤ ਭਾਈਚਾਰੇ ਲਈ ਛੋਟਾ ਨਾਮ) ਗਰੁੱਪ ਨੇ ਕਾਂਗਰਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਿੱਧਾਰਮਈਆ ਨੂੰ ਆਪਣੇ ਡਿਪਟੀ ਲਈ ਰਾਹ ਪੱਧਰਾ ਕਰਨ ਲਈ ਮਜਬੂਰ ਕੀਤਾ ਗਿਆ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ। ਇਸ ਦੌਰਾਨ ਵੋਕਾਲਿਗਾ ਸੰਗਠਨ ਨੇ ਕਿਹਾ ਕਿ ਸ਼ਿਵਕੁਮਾਰ ਨਾਲ ਕੋਈ ਬੇਇਨਸਾਫ਼ੀ ਨਹੀਂ ਹੋਣਾ ਚਾਹੀਦੀ। ਅਹਿੰਦਾ ਸਿੱਧਾਰਮਈਆ ਮੁੱਖ ਚੋਣ ਹਲਕਾ ਹੈ ਜਦਕਿ ਸ਼ਿਵਕੁਮਾਰ ਵੋਕਾਲਿਗਾ ਕਿਸਾਨ ਭਾਈਚਾਰੇ ਨਾਲ ਸਬੰਧਤ ਹਨ।

