ਕਰਨਾਟਕ: ਈਡੀ ਵੱਲੋਂ ‘ਗੈਰ-ਕਾਨੂੰਨੀ’ ਸੱਟੇਬਾਜ਼ੀ ਮਾਮਲੇ ’ਚ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ
ਕਰਨਾਟਕ ਦੇ ਕਾਂਗਰਸੀ ਵਿਧਾਇਕ ਕੇ.ਸੀ ਵੀਰੇਂਦਰ (ਪੱਪੀ) ਨੂੰ ਸਿੱਕਮ ਤੋਂ ਮਨੀ ਲਾਂਡਰਿੰਗ ਕਾਨੂੰਨ ਦੇ ਤਹਿਤ ਇੱਕ ਕਥਿਤ ‘ਗੈਰ-ਕਾਨੂੰਨੀ ’ ਸੱਟੇਬਾਜ਼ੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕਈ ਸੂਬਿਆਂ ਵਿੱਚ ਮਾਰੇ ਗਏ ਛਾਪਿਆਂ ਤੋਂ ਬਾਅਦ 12 ਕਰੋੜ ਰੁਪਏ ਨਕਦ ਲਗਭਗ ਕਰੋੜ ਰੁਪਏ ਵਿਦੇਸ਼ੀ ਮੁਦਰਾ ਸਮੇਤ 6 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ, 10 ਕਿਲੋ ਚਾਂਦੀ ਅਤੇ ਚਾਰ ਵਾਹਨ ਜ਼ਬਤ ਕੀਤੇ ਹਨ। ਹਾਲਾਂਕਿ ਏਜੰਸੀ ਨੇ ਇਹ ਨਹੀਂ ਦੱਸਿਆ ਕਿ ਕੀ ਕਿੱਥੋਂ ਜ਼ਬਤ ਕੀਤਾ ਗਿਆ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਚਿੱਤਰਦੁਰਗਾ ਦੇ 50 ਸਾਲਾ ਵਿਧਾਇਕ ਨੂੰ ਸਿੱਕਮ ਦੀ ਰਾਜਧਾਨੀ ਗੰਗਟੋਕ ਵਿੱਚ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਸਨੂੰ ਬੈਂਗਲੁਰੂ ਦੀ ਅਦਾਲਤ ’ਚ ਪੇਸ਼ ਕਰਨ ਲਈ ਟਰਾਂਜ਼ਿਟ ਰਿਮਾਂਡ ਪ੍ਰਾਪਤ ਕਰ ਲਿਆ ਹੈ। ਈਡੀ ਦਾ ਬੈਂਗਲੁਰੂ ਜ਼ੋਨ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਏਜੰਸੀ ਨੇ ਅੱਗੇ ਦੱਸਿਆ ਕਿ ਵਿਧਾਇਕ ਆਪਣੇ ਸਾਥੀਆਂ ਨਾਲ ਕੈਸੀਨੋ ਕਿਰਾਏ ’ਤੇ ਲੈਣ ਲਈ ਕਾਰੋਬਾਰੀ ਦੌਰੇ ’ਤੇ ਗੰਗਟੋਕ ਗਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਵੀਰੇਂਦਰ ਦੇ ਭਰਾ ਕੇ.ਸੀ ਨਾਗਰਾਜ ਅਤੇ ਉਸਦੇ ਪੁੱਤਰ ਪ੍ਰਿਥਵੀ ਐਨ. ਰਾਜ ਦੇ ਅਹਾਤੇ ਤੋਂ ਜਾਇਦਾਦ ਨਾਲ ਸਬੰਧਤ ਕਈ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ।
ਈਡੀ ਨੇ ਕਿਹਾ“ ਉਸਦੇ ਹੋਰ ਸਹਿਯੋਗੀ ਅਤੇ ਇੱਕ ਹੋਰ ਭਰਾ ਕੇ.ਸੀ ਥਿਪੇਸਵਾਮੀ ਦੁਬਈ ਤੋਂ ਔਨਲਾਈਨ ਗੇਮਿੰਗ ਦੇ ਸੰਚਾਲਨ ਨੂੰ ਸੰਭਾਲ ਰਹੇ ਹਨ।”