ਕਾਰਗਿਲ ਵਿਜੈ ਦਿਵਸ ਅੱਜ: ਫੌਜ ਨੇ ਡਰੋਨ ਸ਼ੋਅ ਰਾਹੀਂ ਤਕਨਾਲੋਜੀ ਵਿਕਾਸ ਦੀ ਝਲਕ ਦਿਖਾਈ
ਫੌਜ ਨੇ ਅੱਜ 26ਵੇਂ ਕਾਰਗਿਲ ਵਿਜੈ ਦਿਵਸ ਦੀ ਪੂਰਬਲੀ ਸੰਧਿਆ ਮੌਕੇ ਇੱਥੇ ਡਰੋਨ ਸ਼ੋਅ ਕੀਤਾ। ਇਸ ਵਿੱਚ ਪਾਕਿਸਤਾਨ ਨਾਲ 1999 ਵਿੱਚ ਹੋਈ ਜੰਗ ਦੇ ਬਾਅਦ ਤੋਂ ਸੀਮਾ ਸੁਰੱਖਿਆ ਵਿੱਚ ਹੋਈ ਤਕਨੀਕੀ ਤਰੱਕੀ ਦਾ ਪ੍ਰਦਰਸ਼ਨ ਕੀਤਾ ਗਿਆ। ਕਾਰਗਿਲ ਵਿਜੈ ਦਿਵਸ ਹਰੇਕ ਸਾਲ 26 ਜੁਲਾਈ ਨੂੰ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ 26 ਸਾਲ ਪਹਿਲਾਂ ਕਾਰਗਿਲ ਖੇਤਰ ਵਿੱਚ ਪਾਕਿਸਤਾਨੀ ਘੁਸਪੈਠੀਆਂ ਨਾਲ ਲੜਦਿਆਂ ਹੋਇਆਂ ਆਪਣੀਆਂ ਜਾਨਾਂ ਦੇ ਦਿੱਤੀਆਂ ਸਨ। ਡਰੋਨ ਦਰਸ਼ਕਾਂ ਦੇ ਉੱਪਰੋਂ ਉੱਡੇ ਅਤੇ ਨਿਗਰਾਨੀ, ਸਪਲਾਈ ਤੇ ਦੁਸ਼ਮਣ ਨੂੰ ਨਿਸ਼ਾਨਾ ਬਣਾਉਣ ਸਣੇ ਆਪਣੀਆਂ ਵੱਖ-ਵੱਖ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ। ਮਨੁੱਖ ਰਹਿਤ ਜਹਾਜ਼ਾਂ ਵਿੱਚ ਲੌਜਿਸਟਿਕ ਡਰੋਨ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਲਗਪਗ 4000 ਮੀਟਰ ਦੀ ਉਚਾਈ ’ਤੇ ਉਡਾਇਆ ਜਾ ਸਕਦਾ ਹੈ। ਡਰੋਨ ਸ਼ੋਅ ਵਿੱਚ ਰੋਬੋਟਿਕ ਕੁੱਤੇ ਵੀ ਸ਼ਾਮਲ ਸਨ, ਜਿਨ੍ਹਾਂ ਦਾ ਇਸਤੇਮਾਲ ਮੁਸ਼ਕਿਲ ਇਲਾਕਿਆਂ ਵਿੱਚ ਗੋਲਾ ਬਾਰੂਦ ਵਰਗੇ ਸਾਮਾਨ ਲਿਜਾਣ ਦੇ ਨਾਲ ਕੰਟਰੋਲ ਰੇਖਾ ’ਤੇ ਗਸ਼ਤ ਲਈ ਵੀ ਕੀਤਾ ਜਾ ਸਕਦਾ ਹੈ। -ਪੀਟੀਆਈ