ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਰਗਿਲ ਵਿਜੇ ਦਿਵਸ: ਦੇਸ਼ ਦੇ ਵੱਖ-ਵੱਖ ਆਗੂਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

ਕਾਰਗਿਲ ਵਿਜੇ ਦਿਵਸ ਜਵਾਨਾਂ ਦੀ ਬਹਾਦਰੀ ਅਤੇ ਦ੍ਰਿੜ ਇਰਾਦੇ ਦਾ ਪ੍ਰਤੀਕ: ਮੁਰਮੂ; ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ
Advertisement

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ਼ਨਿਚਵਾਰ ਨੂੰ ਕਾਰਗਿਲ ਵਿਜੇ ਦਿਵਸ ਮੌਕੇ ਕਿਹਾ ਕਿ ਇਹ ਦਿਨ ਦੇਸ਼ ਦੇ ਜਵਾਨਾਂ ਦੀ ਬਹਾਦਰੀ ਅਤੇ ਦ੍ਰਿੜ ਇਰਾਦੇ ਦਾ ਪ੍ਰਤੀਕ ਹੈ। ਇਸ ਮੌਕੇ ਉਨ੍ਹਾਂ 1999 ਦੇ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰ ਲਈ ਉਨ੍ਹਾਂ ਦਾ ਸਮਰਪਣ ਅਤੇ ਸਰਬਉੱਚ ਕੁਰਬਾਨੀ ਹਮੇਸ਼ਾ ਲਈ ਆਪਣੇ ਨਾਗਰਿਕਾਂ ਨੂੰ ਪ੍ਰੇਰਿਤ ਕਰੇਗੀ।

ਰਾਸ਼ਟਰਪਤੀ ਨੇ X ’ਤੇ ਹਿੰਦੀ ਵਿੱਚ ਇੱਕ ਪੋਸਟ ਵਿੱਚ ਕਿਹਾ, ‘‘ਕਾਰਗਿਲ ਵਿਜੇ ਦਿਵਸ ਦੇ ਮੌਕੇ ਮੈਂ ਮਾਤ ਭੂਮੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਸੈਨਿਕਾਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦੀ ਹਾਂ। ਇਹ ਦਿਨ ਸਾਡੇ ਜਵਾਨਾਂ ਦੀ ਅਸਾਧਾਰਨ ਬਹਾਦਰੀ, ਹਿੰਮਤ ਅਤੇ ਦ੍ਰਿੜ ਇਰਾਦੇ ਦਾ ਪ੍ਰਤੀਕ ਹੈ। ਰਾਸ਼ਟਰ ਲਈ ਉਨ੍ਹਾਂ ਦਾ ਸਮਰਪਣ ਅਤੇ ਸਰਬਉੱਚ ਕੁਰਬਾਨੀ ਹਮੇਸ਼ਾ ਲਈ ਆਪਣੇ ਨਾਗਰਿਕਾਂ ਨੂੰ ਪ੍ਰੇਰਿਤ ਕਰੇਗੀ। ਜੈ ਹਿੰਦ! ਜੈ ਭਾਰਤ!’’

Advertisement

26 ਜੁਲਾਈ, 1999 ਨੂੰ ਭਾਰਤੀ ਫੌਜ ਨੇ ਲੱਦਾਖ ਵਿੱਚ ਕਾਰਗਿਲ ਦੀਆਂ ਬਰਫੀਲੀਆਂ ਉਚਾਈਆਂ ’ਤੇ ਲਗਪਗ ਤਿੰਨ ਮਹੀਨੇ ਚੱਲੀ ਜੰਗ ਤੋਂ ਬਾਅਦ ਜਿੱਤ ਦਾ ਐਲਾਨ ਕਰਦੇ ਹੋਏ ‘ਆਪ੍ਰੇਸ਼ਨ ਵਿਜੇ’ ਦੇ ਸਫਲ ਸਿੱਟੇ ਦਾ ਐਲਾਨ ਕੀਤਾ। ਇਸ ਦਿਨ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਕਾਰਗਿਲ ਵਿਜੇ ਦਿਵਸ ਸੈਨਿਕਾਂ ਦੀ ਬੇਮਿਸਾਲ ਬਹਾਦਰੀ ਦੀ ਯਾਦ ਦਿਵਾਉਂਦਾ ਹੈ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ਵਿਜੇ ਦਿਵਸ ਦੀ 26ਵੀਂ ਵਰ੍ਹੇਗੰਢ ’ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਮੌਕਾ ਦੇਸ਼ ਨੂੰ ਆਪਣੇ ਸੈਨਿਕਾਂ ਦੀ ਬੇਮਿਸਾਲ ਹਿੰਮਤ ਅਤੇ ਬਹਾਦਰੀ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਦੇਸ਼ ਦੇ ਮਾਣ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਮਾਤ ਭੂਮੀ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਦੀ ਉਨ੍ਹਾਂ ਦੀ ਭਾਵਨਾ ਹਰ ਪੀੜ੍ਹੀ ਨੂੰ ਪ੍ਰੇਰਿਤ ਕਰੇਗੀ।

 

ਕੇਂਦਰੀ ਮੰਤਰੀ ਮਾਂਡਵੀਆ ਅਤੇ ਸੇਠ ਨੇ ਕਾਰਗਿਲ ਵਾਰ ਮੈਮੋਰੀਅਲ ’ਤੇ ਸ਼ਰਧਾਂਜਲੀ ਭੇਟ ਕੀਤੀ

ਕਾਰਗਿਲ ਵਿਜੇ ਦਿਵਸ ਮੌਕੇ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਅਤੇ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਅੱਜ ਕਾਰਗਿਲ ਵਾਰ ਮੈਮੋਰੀਅਲ ’ਤੇ ਪਹੁੰਚ ਕੇ ਸਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਲੱਦਾਖ ਦੇ ਲੈਫਟੀਨੈਂਟ ਗਵਰਨਰ ਕਵਿੰਦਰ ਗੁਪਤਾ ਨੇ ਵੀ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ 1999 ਵਿੱਚ ਪਾਕਿਸਤਾਨ ਨਾਲ ਹੋਏ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ 545 ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹਥਿਆਰਬੰਦ ਸੈਨਾਵਾਂ ਦੇ ਹੋਰ ਚੋਟੀ ਦੇ ਅਧਿਕਾਰੀਆਂ ਦੀ ਅਗਵਾਈ ਕੀਤੀ।
ਸ਼ਹੀਦਾਂ ਦੇ ਵਾਰਸ ਅਤੇ ਸਥਾਨਕ ਨਿਵਾਸੀ ਸਭ ਮੈਮੋਰੀਅਲ ’ਤੇ ਸ਼ਰਧਾਂਜਲੀ ਭੇਟ ਕਰਨ ਲਈ ਸਵੇਰੇ 6 ਵਜੇ ਤੋਂ ਹੀ ਪਹੁੰਚਣੇ ਸ਼ੁਰੂ ਹੋ ਗਏ ਸਨ। ਬਾਅਦ ਵਿੱਚ ਹੈਲੀਕਾਪਟਰਾਂ ਨੇ ਮੈਮੋਰੀਅਲ ਉੱਤੇ ਉਡਾਣ ਭਰੀ ਅਤੇ ਸਤਿਕਾਰ ਵਜੋਂ ਫੁੱਲ ਵਰ੍ਹਾਏ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੂੰ ਕਾਰਗਿਲ ਵਿਜੇ ਦਿਵਸ ਦੀ 26ਵੀਂ ਵਰ੍ਹੇਗੰਢ ’ਤੇ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮਾਨ ਨੇ ਪੰਜਾਬੀ ਵਿੱਚ ਇੱਕ ਪੋਸਟ ਵਿੱਚ ਕਿਹਾ, ‘‘ਅਸੀਂ 1999 ਦੇ ਕਾਰਗਿਲ ਯੁੱਧ ਵਿੱਚ ਬਹਾਦਰੀ ਦਾ ਇੱਕ ਬੇਮਿਸਾਲ ਅਧਿਆਇ ਲਿਖਣ ਵਾਲੇ ਸਾਰੇ ਬਹਾਦਰ ਸੈਨਿਕਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਸਲਾਮ ਕਰਦੇ ਹਾਂ। ਉਨ੍ਹਾਂ ਦੀ ਭਾਵਨਾ ਅਤੇ ਹਿੰਮਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।’’ ਮੁੱਖ ਮੰਤਰੀ ਨੇ ਇੱਥੇ ਬੋਗਨਵਿਲੀਆ ਗਾਰਡਨ ਵਿਖੇ ਜੰਗੀ ਯਾਦਗਾਰ ’ਤੇ ਫੁੱਲਮਾਲਾ ਵੀ ਭੇਟ ਕੀਤੀ ਅਤੇ ਕਾਰਗਿਲ ਯੁੱਧ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਸੈਨਿਕਾਂ ਨੂੰ ਸਲਾਮ ਕੀਤਾ।

 

 

Advertisement