Kailash Mansarovar Yatra: ਕੈਲਾਸ਼ ਮਾਨਸਰੋਵਰ ਯਾਤਰਾ ਲਈ ਜਾਣਗੇ 720 ਭਾਰਤੀ ਸ਼ਰਧਾਲੂ
ਉਬੀਰ ਨਕਸ਼ਬੰਦੀ
ਨਵੀਂ ਦਿੱਲੀ, 21 ਮਈ
Kailash Mansarovar Yatra: ਪਿਛਲੇ ਪੰਜ ਸਾਲਾ ਤੋਂ ਮੁੱਅਤਲ ਚੱਲ ਰਹੀ ਕੈਲਾਸ਼ ਮਾਨਸਰੋਵਰ ਦੀ ਯਾਤਰਾ ਲਈ ਇਸ ਸਾਲ 720 ਸ਼ਰਧਾਲੂਆਂ ਸਮੇਤ 30 ਸੰਪਰਕ ਅਧਿਕਾਰੀਆਂ ਚੋਣ ਕੀਤੀ ਗਈ ਹੈ। ਇਸ ਸਬੰਧੀ ਵਿਦੇਸ਼ ਮੰਤਰਾਲਾ ਨੇ ਇੱਕ ਸਮਾਰੋਹ ਵਿਚ ਇਹ ਐਲਾਨ ਕੀਤਾ ਹੈ। ਇਸ ਸਾਲ ਸ਼ਰਧਾਲੂਆਂ ਦੀ ਚੋਣ ਇੱਕ ਕੰਪਿਉਟਰ ਜਨਰੇਟਡ ਲੱਕੀ ਡਰਾਅ, ਰੈਂਡਮ(ਗ਼ੈਰ ਪ੍ਰਣਾਲੀਬੱਧ) ਅਤੇ ਲਿੰਗ-ਸੰਤੁਲਿਤ ਚੋਣ ਪ੍ਰਕਿਰਿਆ ਰਾਹੀਂ ਕੀਤੀ ਗਈ ਸੀ।
ਕੋਵਿਡ-19 ਦੇ ਪ੍ਰਕੋਪ ਅਤੇ ਚੀਨੀ ਪੱਖ ਵੱਲੋਂ ਯਾਤਰਾ ਪ੍ਰਬੰਧਾਂ ਦੇ ਨਵੀਨੀਕਰਨ ਤੋਂ ਬਾਅਦ 2020 ਤੋਂ ਯਾਤਰਾ ਮੁਅੱਤਲ ਚੱਲ ਰਹੀ ਸੀ ਪਰ ਹੁਣ ਇਹ ਗਰਮੀਆਂ ਵਿੱਚ ਜੂਨ ਦੇ ਤੀਜੇ ਹਫ਼ਤੇ ਤੋਂ ਮੁੜ ਸ਼ੁਰੂ ਹੋਵੇਗੀ ਅਤੇ 25 ਅਗਸਤ ਨੂੰ ਖਤਮ ਹੋਵੇਗੀ।
ਜ਼ਿਕਰਯੋਗ ਹੈ ਕਿ ਕੈਲਾਸ਼ ਮਾਨਸਰੋਵਰ ਯਾਤਰਾ ਦੋ ਰੂਟ ਉੱਤਰਾਖੰਡ ਅਤੇ ਸਿੱਕਮ ਰਾਹੀਂ ਕੀਤੀ ਜਾਵੇਗੀ, ਜਿਸ ਵਿਚ ਕੁੱਲ 720 ਭਾਰਤੀ ਨਾਗਰਿਕਾਂ ਨੂੰ ਧਾਰਮਿਕ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਜਦੋਂ ਕਿ ਇਨ੍ਹਾਂ ਨਾਲ 30 ਸੰਪਰਕ ਅਧਿਕਾਰੀ ਵੀ ਹੋਣਗੇ। ਕੈਲਾਸ਼ ਪਰਬਤ ਅਤੇ ਮਾਨਸਰੋਵਰ ਝੀਲ ਹਿੰਦੂ ਧਰਮ ਦੇ ਪਵਿੱਤਰ ਸਥਾਨ ਹਨ ਅਤੇ ਤਿੱਬਤ ਵਿੱਚ ਸਥਿਤ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਦੇਸ਼ ਮੰੰਤਰਾਲਾ ਨੇ ਦੱਸਿਆ ਕਿ 720 ਸ਼ਰਧਾਲੂਆਂ ਦੇ ਕੁੱਲ 15 ਜਥੇ ਹੋਣਗੇ ਅਤੇ ਹਰੇਕ ਜਥੇ ਵਿੱਚ 48 ਯਾਤਰੀ ਹੋਣਗੇ। ਇਹ ਜਥਿਆਂ ਵਿੱਚੋਂ ਕੁੱਝ ਉੱਤਰਾਖੰਡ ਅਤੇ ਕੁੱਝ ਸਿੱਕਮ ਰਾਹੀਂ ਜਾਣਗੇ।