ਲੋਕ ਸਭਾ ’ਚ ਸ਼ੁਰੂ ਹੋਵੇਗੀ ਜਸਟਿਸ ਵਰਮਾ ਨੂੰ ਹਟਾਉਣ ਦੀ ਕਾਰਵਾਈ: ਰਿਜਿਜੂ
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਸਟਿਸ ਯਸ਼ਵੰਤ ਵਰਮਾ ਨੂੰ ਜੱਜ ਦੇ ਅਹੁਦੇ ਤੋਂ ਹਟਾਉਣ ਦਾ ਮਤਾ ਲੋਕ ਸਭਾ ’ਚ ਲਿਆਂਦਾ ਜਾਵੇਗਾ। ਰਿਜਿਜੂ ਨੇ ਕਿਹਾ ਕਿ ਨਿਆਂਪਾਲਿਕਾ ’ਚ ਕਥਿਤ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਲਈ ਸਾਰੀਆਂ ਪਾਰਟੀਆਂ ਨੇ ਇਕਜੁੱਟ ਹੋ ਕੇ ਅੱਗੇ ਵਧਣ ’ਤੇ ਸਹਿਮਤੀ ਜ਼ਾਹਿਰ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਰਾਜ ਸਭਾ ’ਚ ਅਜਿਹੇ ਮਤੇ ਲਈ ਵਿਰੋਧੀ ਧਿਰ ਦੇ ਨੋਟਿਸ ਨੂੰ ਉਪਰਲੇ ਸਦਨ ’ਚ ਸਵੀਕਾਰ ਨਹੀਂ ਕੀਤਾ ਗਿਆ, ਜਿਸ ਨਾਲ ਹੇਠਲੇ ਸਦਨ ’ਚ ਇਹ ਪ੍ਰਕਿਰਿਆ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਅਲਾਹਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਵਰਮਾ ਖ਼ਿਲਾਫ਼ ਦੋਸ਼ਾਂ ਦੀ ਜਾਂਚ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਰਿਜਿਜੂ ਨੇ ਕਿਹਾ, ‘ਸਾਨੂੰ ਕਿਸੇ ਵੀ ਭਰਮ ’ਚ ਨਹੀਂ ਰਹਿਣਾ ਚਾਹੀਦਾ। ਜਸਟਿਸ ਯਸ਼ਵੰਤ ਵਰਮਾ ਨੂੰ (ਅਹੁਦੇ ਤੋਂ) ਹਟਾਉਣ ਦੀ ਕਾਰਵਾਈ ਲੋਕ ਸਭਾ ’ਚ ਸ਼ੁਰੂ ਹੋਵੇਗੀ।’ ਜੱਜ (ਜਾਂਚ) ਐਕਟ ਅਨੁਸਾਰ ਲੋਕ ਸਭਾ ’ਚ ਕਾਰਵਾਈ ਪੂਰੀ ਹੋਣ ਮਗਰੋਂ ਇਹ ਕਾਰਵਾਈ ਰਾਜ ਸਭਾ ’ਚ ਕੀਤੀ ਜਾਵੇਗੀ। ਹਾਕਮ ਗੱਠਜੋੜ ਤੇ ਵਿਰੋਧੀ ਧਿਰ ਦੇ 150 ਤੋਂ ਵੱਧ ਸੰਸਦ ਮੈਂਬਰਾਂ ਨੇ ਲੋਕ ਸਭਾ ’ਚ ਨੋਟਿਸ ’ਤੇ ਦਸਤਖ਼ਤ ਕੀਤੇ ਸਨ।