2008 ਮਾਲੇਗਾਓਂ ਧਮਾਕਾ ਕੇਸ ਦੀ ਸੁਣਵਾਈ ਕਰ ਰਹੇ ਜੱਜ ਦਾ ਤਬਾਦਲਾ
Judge conducting trial in 2008 Malegaon blast case transferred
ਮੁੰਬਈ, 6 ਅਪਰੈਲ
2008 ਮਾਲੇਗਾਓਂ ਧਮਾਕਾ (Malegaon blast case) ਕੇਸ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਐੱਨਆਈਏ ਕੋਰਟ ਦੇ ਜੱਜ ਏਕੇ ਲਾਹੋਟੀ ਨੂੰ ਨਾਸਿਕ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਜ਼ਿਲ੍ਹਾ ਜੱਜਾਂ ਦੇ ਸਾਲਾਨਾ ਆਮ ਤਬਾਦਲੇ ਤਹਿਤ ਅਜਿਹੇ ਮੌਕੇ ਬਦਲਿਆ ਗਿਆ ਹੈ ਜਦੋਂ ਕੋਰਟ ਇਸ ਮਾਮਲੇ ਵਿਚ ਅਗਲੇ ਦਿਨਾਂ ਵਿਚ ਫੈਸਲਾ ਰਾਖਵਾਂ ਰੱਖ ਸਕਦੀ ਹੈ। ਬੰਬੇ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਵੱਲੋਂ ਲਾਹੋਟੀ ਤੇ ਹੋਰਨਾਂ ਜੱਜਾਂ ਦੇ ਤਬਾਦਲੇ ਸਬੰਧੀ ਹੁਕਮ 9 ਜੂਨ ਨੂੰ ਗਰਮੀ ਦੀਆਂ ਛੁੱਟੀਆਂ ਮਗਰੋਂ ਕੋਰਟ ਮੁੜ ਖੁੱਲ੍ਹਣ ਤੋਂ ਲਾਗੂ ਹੋਣਗੇ।
ਬਚਾਅ ਪੱਖ ਦੇ ਇਕ ਵਕੀਲ ਨੇ ਕਿਹਾ ਕਿ ਮਾਲੇਗਾਓਂ ਧਮਾਕਾ ਕੇਸ ਦੀ ਸ਼ਨਿੱਚਰਵਾਰ ਨੂੰ ਹੋਈ ਆਖਰੀ ਸੁਣਵਾਈ ਦੌਰਾਨ ਜੱਜ ਲਾਹੋਟੀ ਨੇ ਇਸਤਗਾਸਾ ਅਤੇ ਬਚਾਅ ਪੱਖ ਨੂੰ ਬਾਕੀ ਦਲੀਲਾਂ 15 ਅਪਰੈਲ ਤੱਕ ਸਮੇਟਣ ਦਾ ਨਿਰਦੇਸ਼ ਦਿੱਤਾ ਸੀ ਅਤੇ ਅਗਲੇ ਦਿਨ ਫੈਸਲੇ ਲਈ ਮਾਮਲੇ ਨੂੰ ਰਾਖਵਾਂ ਰੱਖਣ ਦੀ ਉਮੀਦ ਕੀਤੀ ਜਾਂਦੀ ਸੀ।
ਚੇਤੇ ਰਹੇ ਕਿ ਉੱਤਰੀ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਮੁੰਬਈ ਤੋਂ ਲਗਪਗ 200 ਕਿਲੋਮੀਟਰ ਦੂਰ ਸਥਿਤ ਕਸਬੇ ਮਾਲੇਗਾਓਂ ਵਿੱਚ 29 ਸਤੰਬਰ, 2008 ਨੂੰ ਇੱਕ ਮਸਜਿਦ ਨੇੜੇ ਮੋਟਰਸਾਈਕਲ ’ਤੇ ਬੰਨ੍ਹੇ ਹੋਏ ਵਿਸਫੋਟਕ ਯੰਤਰ ਦੇ ਫਟਣ ਨਾਲ 6 ਲੋਕ ਮਾਰੇ ਗਏ ਸਨ ਅਤੇ 100 ਤੋਂ ਵੱਧ ਜ਼ਖ਼ਮੀ ਹੋ ਗਏ ਸਨ।
ਭਾਜਪਾ ਆਗੂ ਪ੍ਰਗਿਆ ਠਾਕੁਰ, ਲੈਫਟੀਨੈਂਟ ਕਰਨਲ ਪ੍ਰਸਾਦ ਪੂਰੋਹਿਤ ਅਤੇ ਪੰਜ ਹੋਰਾਂ ’ਤੇ ਇਸ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਲਈ ਮੁਕੱਦਮਾ ਚਲਾਇਆ ਜਾ ਰਿਹਾ ਹੈ। ਮੁਲਜ਼ਮਾਂ ਖ਼ਿਲਾਫ਼ ਸਖ਼ਤ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ (UAPA) ਅਤੇ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਚਲਾਇਆ ਜਾ ਰਿਹਾ ਹੈ।
ਇਸ ਮਾਮਲੇ ਦੀ ਜਾਂਚ ਸ਼ੁਰੂ ਵਿੱਚ ਮਹਾਰਾਸ਼ਟਰ ਅਤਿਵਾਦ ਵਿਰੋਧੀ ਦਸਤੇ (ATS) ਵੱਲੋਂ ਕੀਤੀ ਗਈ ਸੀ ਅਤੇ 2011 ਵਿੱਚ ਇਹ ਕੇਸ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਤਬਦੀਲ ਕਰ ਦਿੱਤਾ ਗਿਆ ਸੀ। -ਪੀਟੀਆਈ