DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏਆਈ ਬਾਰੇ ਆਲਮੀ ਢਾਂਚਾ ਬਣਾਉਣ ਲਈ ਸਾਂਝੇ ਯਤਨਾਂ ਦੀ ਲੋੜ: ਮੋਦੀ

ਪ੍ਰਧਾਨ ਮੰਤਰੀ ਨੇ ਏਆਈ ਐਕਸ਼ਨ ਸੰਮੇਲਨ ਦੀ ਮੈਕਰੌਂ ਨਾਲ ਸਹਿ-ਪ੍ਰਧਾਨਗੀ ਕੀਤੀ
  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੂੰ ਮਿਲਦੇ ਹੋਏ।
Advertisement

* ਮਸਨੂਈ ਬੌਧਿਕਤਾ ਰਾਹੀਂ ਸਿਆਸਤ, ਅਰਥਚਾਰਾ, ਸੁਰੱਖਿਆ ਅਤੇ ਸਮਾਜ ’ਚ ਬਦਲਾਅ ਦਾ ਕੀਤਾ ਦਾਅਵਾ

* ਏਆਈ ਕਾਰਨ ਰੁਜ਼ਗਾਰ ਦੇ ਹੋਰ ਮੌਕੇ ਹੋਣਗੇ ਪੈਦਾ: ਮੋਦੀ

Advertisement

* ਫਰਾਂਸੀਸੀ ਰਾਸ਼ਟਰਪਤੀ ਨੇ ਮੋਦੀ ਦਾ ਡਿਨਰ ’ਤੇ ਕੀਤਾ ਸਵਾਗਤ

ਪੈਰਿਸ, 11 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਖੁੱਲ੍ਹੇ ਸਰੋਤ ’ਤੇ ਆਧਾਰਿਤ ਮਸਨੂਈ ਬੌਧਿਕਤਾ (ਏਆਈ) ਲਈ ਆਲਮੀ ਢਾਂਚਾ ਸਥਾਪਤ ਕਰਨ ਵਾਸਤੇ ਸਾਂਝੇ ਯਤਨਾਂ ਦੀ ਵਕਾਲਤ ਕੀਤੀ ਹੈ ਜੋ ਭਰੋਸਾ ਅਤੇ ਪਾਰਦਰਸ਼ਿਤਾ ਵਧਾਉਣ ਦੇ ਨਾਲ ਪੱਖਪਾਤਾਂ ਤੋਂ ਮੁਕਤ ਹੋਵੇ। ਪ੍ਰਧਾਨ ਮੰਤਰੀ ਮੋਦੀ ਨੇ ਇਥੇ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨਾਲ ਏਆਈ ਐਕਸ਼ਨ ਸੰਮੇਲਨ ਦੀ ਸਹਿ-ਪ੍ਰਧਾਨਗੀ ਕਰਦਿਆਂ ਕਿਹਾ ਕਿ ਏਆਈ ਸਿਆਸਤ, ਅਰਥਚਾਰੇ, ਸੁਰੱਖਿਆ ਅਤੇ ਸਮਾਜ ਨੂੰ ਬਦਲ ਰਿਹਾ ਹੈ ਅਤੇ ਇਸ ਸਦੀ ’ਚ ਮਨੁੱਖਤਾ ਲਈ ਕੋਡ ਬਣਾ ਰਿਹਾ ਹੈ।

ਏਆਈ ਐਕਸ਼ਨ ਸੰਮੇਲਨ ਦੌਰਾਨ ਹੋਰ ਆਗੂਆਂ ਨਾਲ ਤਸਵੀਰ ਖਿਚਵਾਉਂਦੇ ਹੋਏ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਰਾਇਟਰਜ਼

ਇਸ ਤੋਂ ਪਹਿਲਾਂ ਫਰਾਂਸੀਸੀ ਰਾਸ਼ਟਰਪਤੀ ਮੈਕਰੌਂ ਨੇ ਮੋਦੀ ਦਾ ਰਾਤ ਦੇ ਭੋਜਨ ’ਤੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਮੋਦੀ ਨੂੰ ਘੁੱਟ ਕੇ ਗੱਲਵਕੜੀ ਪਾਈ ਜਿਸ ਦੀਆਂ ਤਸਵੀਰਾਂ ਪ੍ਰਧਾਨ ਮੰਤਰੀ ਨੇ ‘ਐਕਸ’ ’ਤੇ ਸਾਂਝੀਆਂ ਕਰਦਿਆਂ ਕਿਹਾ ਕਿ ਆਪਣੇ ਦੋਸਤ ਨੂੰ ਮਿਲ ਕੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਏਆਈ ਸੰਮੇਲਨ ’ਚ ਮੋਦੀ ਨੇ ਕਿਹਾ, ‘‘ਸ਼ਾਸਨ ਸਿਰਫ਼ ਜੋਖਮਾਂ ਅਤੇ ਮੁਕਾਬਲੇਬਾਜ਼ੀ ਦਾ ਪ੍ਰਬੰਧਨ ਕਰਨ ਬਾਰੇ ਨਹੀਂ ਹੈ ਸਗੋਂ ਇਹ ਕਾਢਾਂ ਨੂੰ ਹੱਲਾਸ਼ੇਰੀ ਦੇਣ ਅਤੇ ਉਨ੍ਹਾਂ ਨੂੰ ਆਲਮੀ ਭਲਾਈ ਲਈ ਵਰਤਣ ਬਾਰੇ ਵੀ ਹੈ। ਸਾਨੂੰ ਤਕਨਾਲੋਜੀ ਹਰ ਕਿਸੇ ਲਈ ਬਣਾਉਣੀ ਚਾਹੀਦੀ ਹੈ ਅਤੇ ਆਮ ਲੋਕਾਂ ’ਤੇ ਕੇਂਦਰਤ ਐਪਲੀਕੇਸ਼ਨਸ ਬਣਨੀਆਂ ਚਾਹੀਦੀਆਂ ਹਨ। ਸਾਨੂੰ ਸਾਈਬਰ ਸੁਰੱਖਿਆ, ਗਲਤ ਸੂਚਨਾਵਾਂ ਅਤੇ ਡੀਪ ਫੇਕ ਨਾਲ ਸਬੰਧਤ ਖ਼ਦਸ਼ਿਆਂ ਦਾ ਵੀ ਹੱਲ ਕਰਨਾ ਚਾਹੀਦਾ ਹੈ।’’ ਮੋਦੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਏਆਈ ਦੀ ਸਮਰੱਥਾ ਨੂੰ ਦਰਸਾਉਂਦਿਆਂ ਕੀਤੀ। ਉਨ੍ਹਾਂ ਕਿਹਾ ਕਿ ਏਆਈ ਔਖੇ ਸ਼ਬਦਾਂ ਨੂੰ ਸੁਖਾਲਾ ਬਣਾ ਸਕਦਾ ਹੈ ਜਿਸ ਨੂੰ ਲੋਕ ਆਸਾਨੀ ਨਾਲ ਸਮਝ ਸਕਣ। ਉਨ੍ਹਾਂ ਕਿਹਾ ਕਿ ਏਆਈ ਸਿਹਤ, ਸਿੱਖਿਆ, ਖੇਤੀਬਾੜੀ ਅਤੇ ਹੋਰਾਂ ’ਚ ਬਹੁਤ ਕੁਝ ਸੁਧਾਰ ਕਰਕੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲਣ ’ਚ ਸਹਾਇਤਾ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਏਆਈ ਦੀ ਵਰਤੋਂ ਵਧਣ ਕਾਰਨ ਨੌਕਰੀਆਂ ਖੁੱਸਣ ਦੇ ਖ਼ਦਸ਼ਿਆਂ ਦਾ ਜ਼ਿਕਰ ਕਰਦਿਆਂ ਕਿਹਾ, ‘‘ਇਤਿਹਾਸ ਨੇ ਸਾਨੂੰ ਦਿਖਾਇਆ ਹੈ ਕਿ ਤਕਨਾਲੋਜੀ ਕਾਰਨ ਕੰਮ ਨਹੀਂ ਖੁੱਸਦਾ ਹੈ। ਸਿਰਫ਼ ਉਸ ਦਾ ਸੁਭਾਅ ਬਦਲ ਜਾਂਦਾ ਹੈ ਅਤੇ ਵੱਖਰੀ ਤਰ੍ਹਾਂ ਦੀਆਂ ਨਵੀਆਂ ਨੌਕਰੀਆਂ ਪੈਦਾ ਹੁੰਦੀਆਂ ਹਨ।’’ ਉਨ੍ਹਾਂ ਕਿਹਾ ਕਿ ਭਾਰਤ ਏਆਈ ਨੂੰ ਅਪਣਾਉਣ ਅਤੇ ਡੇਟਾ ਪ੍ਰਾਈਵੇਸੀ ’ਤੇ ਤਕਨਾਲੋਜੀ ਤੇ ਕਾਨੂੰਨੀ ਹੱਲ ਲਿਆਉਣ ’ਚ ਮੋਹਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਲੋਕਾਂ ਦੀ ਭਲਾਈ ਲਈ ਏਆਈ ਐਪ ਵਿਕਸਤ ਕਰ ਰਿਹਾ ਹੈ ਅਤੇ ਉਹ ਆਪਣੇ ਤਜਰਬੇ ਤੇ ਮਹਾਰਤ ਨੂੰ ਸਾਰਿਆਂ ਨਾਲ ਸਾਂਝਾ ਕਰਨ ਲਈ ਤਿਆਰ ਹੈ। -ਪੀਟੀਆਈ

ਮੋਦੀ ਵੱਲੋਂ ਅਗਲਾ ਏਆਈ ਐਕਸ਼ਨ ਸੰਮੇਲਨ ਭਾਰਤ ’ਚ ਕਰਾਉਣ ਦੀ ਪੇਸ਼ਕਸ਼

ਪੈਰਿਸ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲਾ ਏਆਈ ਐਕਸ਼ਨ ਸੰਮੇਲਨ ਭਾਰਤ ’ਚ ਕਰਾਉਣ ਦੀ ਪੇਸ਼ਕਸ਼ ਕੀਤੀ ਹੈ। ਸੰਮੇਲਨ ’ਚ ਆਪਣੇ ਸੰਬੋਧਨ ਦੀ ਸਮਾਪਤੀ ਮੌਕੇ ਮੋਦੀ ਨੇ ਕਿਹਾ ਕਿ ਚਰਚਾ ਤੋਂ ਸਪੱਸ਼ਟ ਹੈ ਕਿ ਹਿੱਤਧਾਰਕਾਂ ਵਿਚਕਾਰ ਨਜ਼ਰੀਏ ਅਤੇ ਉਦੇਸ਼ ’ਚ ਏਕਾ ਹੈ। ਉਨ੍ਹਾਂ ਕਿਹਾ ਕਿ ਐਕਸ਼ਨ ਸੰਮੇਲਨ ਦੀ ਰਫ਼ਤਾਰ ਕਾਇਮ ਰੱਖਣ ਲਈ ਭਾਰਤ ਅਗਲੇ ਸੰਮੇਲਨ ਦੀ ਮੇਜ਼ਬਾਨੀ ਕਰਕੇ ਖੁਸ਼ ਹੋਵੇਗਾ। ਫਰਾਂਸ ਵੱਲੋਂ ਪਹਿਲੇ ਆਲਮੀ ਏਆਈ ਐਕਸ਼ਨ ਸੰਮੇਲਨ ਦੀ ਮੇਜ਼ਬਾਨੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਸੰਮੇਲਨ ਦੌਰਾਨ ‘ਏਆਈ ਫਾਊਂਡੇਸ਼ਨ’ ਅਤੇ ‘ਕਾਊਂਸਿਲ ਫਾਰ ਸਸਟੇਨਏਬਲ ਏਆਈ’ ਦੀ ਸਥਾਪਨਾ ਦੇ ਫ਼ੈਸਲੇ ਦਾ ਸਵਾਗਤ ਕੀਤਾ। ਮੋਦੀ ਨੇ ਫਰਾਂਸ ਅਤੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੂੰ ਚੁੱਕੇ ਗਏ ਕਦਮਾਂ ਲਈ ਵਧਾਈ ਦਿੰਦਿਆਂ ਪੂਰੀ ਹਮਾਇਤ ਦੇਣ ਦਾ ਭਰੋਸਾ ਦਿੱਤਾ। -ਪੀਟੀਆਈ

ਅਮਰੀਕੀ ਉਪ ਰਾਸ਼ਟਰਪਤੀ ਵੱਲੋਂ ਏਆਈ ਦੀ ਵਧੇਰੇ ਨਿਗਰਾਨੀ ਦਾ ਵਿਰੋਧ

ਪੈਰਿਸ:

ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵਾਂਸ ਨੇ ਆਲਮੀ ਆਗੂਆਂ ਅਤੇ ਤਕਨੀਕੀ ਸਨਅਤ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਮਸਨੂਈ ਬੌਧਿਕਤਾ (ਏਆਈ) ’ਚ ਵਧੇਰੇ ਨਿਗਰਾਨੀ ਤੇਜ਼ੀ ਨਾਲ ਵਧਦੀ ਇਸ ਸਨਅਤ ਨੂੰ ਖ਼ਤਮ ਕਰ ਦੇਵੇਗੀ। ਉਨ੍ਹਾਂ ਦਾ ਇਸ਼ਾਰਾ ਯੂਰਪੀ ਯੂਨੀਅਨ ਵੱਲੋਂ ਏਆਈ ਦੇ ਜੋਖ਼ਮਾਂ ’ਤੇ ਪਾਬੰਦੀ ਲਗਾਉਣ ਦੀਆਂ ਕੋਸ਼ਿਸ਼ਾਂ ਵੱਲ ਸੀ। ਵਾਂਸ ਨੇ ਇਥੇ ਸੰਮੇਲਨ ’ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਟਰੰਪ ਪ੍ਰਸ਼ਾਸਨ ਇਹ ਯਕੀਨੀ ਬਣਾਏਗਾ ਕਿ ਅਮਰੀਕਾ ’ਚ ਵਿਕਸਤ ਏਆਈ ਪ੍ਰਣਾਲੀਆਂ ਵਿਚਾਰਕ ਮੱਤਭੇਦਾਂ ਤੋਂ ਮੁਕਤ ਹੋਣ। ਉਨ੍ਹਾਂ ਕਿਹਾ ਕਿ ਅਮਰੀਕਾ ਆਪਣੇ ਨਾਗਰਿਕਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ’ਤੇ ਕਦੇ ਵੀ ਪਾਬੰਦੀ ਨਹੀਂ ਲਗਾਏਗਾ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸਲਾ ਵੋਨ ਡੇਰ ਲੇਯੇਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਏਆਈ ਨੂੰ ਲੋਕਾਂ ਦੇ ਵਿਸ਼ਵਾਸ ਦੀ ਲੋੜ ਹੈ ਅਤੇ ਇਸ ਨੂੰ ਸੁਰੱਖਿਅਤ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਯੂਰਪੀ ਯੂਨੀਅਨ ਦੇ ਦਿਸ਼ਾ-ਨਿਰਦੇਸ਼ਾਂ ਦਾ ਜ਼ਿਕਰ ਕੀਤਾ ਜਿਸ ਦਾ ਉਦੇਸ਼ 27 ਮੁਲਕਾਂ ’ਚ ਏਆਈ ਐਕਟ ਲਾਗੂ ਕਰਨਾ ਹੈ। -ਏਪੀ

Advertisement
×