J&K statehood: ਜੰਮੂ-ਕਸ਼ਮੀਰ ਦੇ ਸੂਬਾਈ ਦਰਜੇ ਦੀ ਬਹਾਲੀ ਲਈ ਅੱਤਵਾਦੀ ਹਮਲੇ ਦਾ ਲਾਹਾ ਨਹੀਂ ਲਵਾਂਗੇ: ਉਮਰ ਅਬਦੁੱਲਾ
ਜੰਮੂ, 28 ਅਪਰੈਲ
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੋਮਵਾਰ ਨੂੰ ਕਿਹਾ ਕਿ ਉਹ ਕੇਂਦਰ ਸ਼ਾਸਤ ਪ੍ਰਦੇਸ਼ ਬਣਾਏ ਗਏ ਜੰਮੂ-ਕਸ਼ਮੀਰ ਦੇ ਰਾਜ ਦੇ ਦਰਜੇ ਦੀ ਬਹਾਲੀ ਲਈ ਪਹਿਲਗਾਮ ਅੱਤਵਾਦੀ ਹਮਲੇ (Pahalgam terror attack) ਦਾ ਫਾਇਦਾ ਉਠਾਉਂਦਿਆਂ ਕੇਂਦਰ ਉਤੇ ਦਬਾਅ ਨਹੀਂ ਪਾਉਣਗੇ। ਉਨ੍ਹਾਂ ਇਹ ਗੱਲ ਅੱਜ ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਬੋਲਦਿਆਂ ਕਹੀ।
ਅਬਦੁੱਲਾ ਨੇ ਵਿਧਾਨ ਸਭਾ ਵਿੱਚ ਪਹਿਲਗਾਮ ਅੱਤਵਾਦੀ ਹਮਲੇ 'ਤੇ ਪਾਸ ਕੀਤੇ ਮਤੇ ਉਤੇ ਚਰਚਾ ਨੂੰ ਸਮੇਟਦਿਆਂ ਕਿਹਾ, "ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਕੇਂਦਰ ਸ਼ਾਸਤ ਪ੍ਰਦੇਸ਼ ਦੀ ਚੁਣੀ ਹੋਈ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ। ਪਰ ਮੈਂ ਇਸ ਮੌਕੇ ਨੂੰ ਰਾਜ ਦਾ ਦਰਜਾ ਮੰਗਣ ਲਈ ਨਹੀਂ ਵਰਤਾਂਗਾ। ਮੈਂ ਹੁਣ ਰਾਜ ਦਾ ਦਰਜਾ ਕਿਵੇਂ ਮੰਗ ਸਕਦਾ ਹਾਂ? ਮੈਂ ਸਸਤੀ ਰਾਜਨੀਤੀ ਵਿੱਚ ਵਿਸ਼ਵਾਸ ਨਹੀਂ ਰੱਖਦਾ। ਕੀ ਮੈਨੂੰ 26 ਜਾਨਾਂ ਗੁਆਉਣ ਵਾਲਿਆਂ ਦੀ ਕੋਈ ਪ੍ਰਵਾਹ ਨਹੀਂ ਹੋਣੀ ਚਾਹੀਦੀ ਅਤੇ ਹੁਣ ਰਾਜ ਦਾ ਦਰਜਾ ਮੰਗਦਿਆਂ ਕੇਂਦਰ ਕੋਲ ਜਾਣਾ ਚਾਹੀਦਾ ਹੈ?"
ਉਹ ਸਦਨ ਵਿੱਚ ਕੁਝ ਮੈਂਬਰਾਂ ਦਾ ਹਵਾਲਾ ਦੇ ਰਹੇ ਸਨ ਜਿਨ੍ਹਾਂ ਨੇ ਜੰਮੂ-ਕਸ਼ਮੀਰ ਵਿੱਚ ਅੱਤਵਾਦ ਨੂੰ ਹਰਾਉਣ ਲਈ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਕੀਤੀ ਸੀ।
ਮੁੱਖ ਮੰਤਰੀ ਨੇ ਕਿਹਾ, "ਅਸੀਂ ਪਹਿਲਾਂ ਵੀ (ਕੇਂਦਰ ਸਰਕਾਰ ਨਾਲ) ਰਾਜ ਦੇ ਦਰਜੇ ਬਾਰੇ ਗੱਲ ਕੀਤੀ ਹੈ ਅਤੇ ਅਸੀਂ ਭਵਿੱਖ ਵਿੱਚ ਵੀ ਇਸ ਬਾਰੇ ਗੱਲ ਕਰਦੇ ਰਹਾਂਗੇ, ਪਰ ਹੁਣੇ ਨਹੀਂ। ਇਸ ਵਾਰ ਅੱਤਵਾਦੀ ਕਾਰਵਾਈ ਦੀ ਨਿੰਦਾ ਕਰਨ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਨਾਲ ਇਕਜੁੱਟਤਾ ਜ਼ਾਹਰ ਕਰਨ ਤੋਂ ਇਲਾਵਾ ਕਿਸੇ ਵੀ ਚੀਜ਼ 'ਤੇ ਕੋਈ ਰਾਜਨੀਤੀ ਨਹੀਂ ਹੋਵੇਗੀ।"
ਉਨ੍ਹਾਂ ਨੇ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਝੂਠੀਆਂ ਖ਼ਬਰਾਂ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲਰਾਂ ਨੂੰ ਵੀ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ, "ਜਦੋਂ ਕਿ 90 ਫ਼ੀਸਦੀ ਲੋਕ ਸੱਚਾਈ ਦਾ ਸਮਰਥਨ ਕਰ ਰਹੇ ਹਨ, 10 ਫ਼ੀਸਦੀ ਅਜਿਹੇ ਹਨ ਜੋ ਸੋਸ਼ਲ ਮੀਡੀਆ 'ਤੇ ਝੂਠ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਹਾਂ ਕਿ ਉਹ ਇਸ ਤੋਂ ਤੁਰੰਤ ਬਾਜ਼ ਆ ਜਾਣ, ਕਿਉਂਕਿ ਅਸੀਂ ਝੂਠ ਦੇ ਪਸਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ।" ਪੀਟੀਆਈ