ਝਾਰਖੰਡ: ਮੋਦੀ ਦਾ ਜਹਾਜ਼ ਰੁਕਿਆ, ਰਾਹੁਲ ਦਾ ਹੈਲੀਕਾਪਟਰ ਰੋਕਿਆ
Technical snag holds up PM Modi's aircraft, Rahul's chopper stopped due to ATC non-clearance; ਵਿਸ਼ੇਸ਼ ਜਹਾਜ਼ ਵਿਚ ਤਕਨੀਕੀ ਖ਼ਰਾਬੀ ਕਾਰਨ ਦੋ ਘੰਟੇ ਤੋਂ ਵੱਧ ਸਮਾਂ ਦਿਓਘਰ ਹਵਾਈ ਅੱਡੇ 'ਤੇ ਅਟਕੇ ਰਹੇ ਪ੍ਰਧਾਨ ਮੰਤਰੀ; ਰਾਹੁਲ ਦੇ ਹੈਲੀਕਾਪਟਰ ਨੂੰ ਗੋਡਾ (ਝਾਰਖੰਡ) ਤੋਂ ਏਟੀਸੀ ਨੇ ਲੰਬਾ ਸਮਾਂ ਨਾ ਦਿੱਤੀ ਉਡਣ ਦੀ ਇਜਾਜ਼ਤ
ਰਾਂਚੀ, 15 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਆਪਣੇ ਵਿਸ਼ੇਸ਼ ਜਹਾਜ਼ ਵਿਚ ਕੋਈ ਤਕਨੀਕੀ ਨੁਕਸ ਪੈ ਜਾਣ ਕਾਰਨ ਝਾਰਖੰਡ ਦੇ ਦਿਓਘਰ ਹਵਾਈ ਅੱਡੇ 'ਤੇ ਦੋ ਘੰਟੇ ਤੋਂ ਵੱਧ ਸਮੇਂ ਤੱਕ ਅਟਕੇ ਰਹੇ, ਜਿਸ ਤੋਂ ਬਾਅਦ ਉਨ੍ਹਾਂ ਲਈ ਬਦਲਵੇਂ ਹਵਾਈ ਜਹਾਜ਼ ਦਾ ਪ੍ਰਬੰਧ ਕੀਤਾ ਗਿਆ, ਜਿਸ ਰਾਹੀਂ ਉਹ ਕੌਮੀ ਰਾਜਧਾਨੀ ਲਈ ਰਵਾਨਾ ਹੋਏ। ਦੂਜੇ ਪਾਸੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਵੀ ਇਸ ਕਾਰਨ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ ਕਿਉਂਕਿ ਝਾਰਖੰਡ ਦੇ ਗੋਡਾ ਵਿਚ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਡਣ ਲਈ ਏਅਰ ਟ੍ਰੈਫਿਕ ਕੰਟਰੋਲ (ATC) ਤੋਂ ਮਨਜ਼ੂਰੀ ਨਹੀਂ ਮਿਲੀ।
ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਦੀ ਨੇ ਬਿਹਾਰ ਦੇ ਜਮੁਈ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਦੇ ਵਿਸ਼ੇਸ਼ ਜਹਾਜ਼ ਵਿੱਚ ਨਵੀਂ ਦਿੱਲੀ ਪਰਤਣਾ ਸੀ। ਮੋਦੀ ਦੇਸ਼ ਦੇ ਕਬਾਇਲੀ ਭਾਈਚਾਰੇ ਦੇ ਬਹੁਤ ਹੀ ਸਤਿਕਾਰਤ ਮਹਾਂਪੁਰਸ਼ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜੈਅੰਤੀ ਮੌਕੇ ਮਨਾਏ ਗਏ 'ਜਨਜਾਤੀ ਗੌਰਵ ਦਿਵਸ' ਸਬੰਧੀ ਸਮਾਗਮ ਵਿਚ ਸ਼ਾਮਲ ਹੋਣ ਲਈ ਜਮੁਈ ਦੇ ਦੌਰੇ ਉਤੇ ਸਨ। ਜਮੁਈ ਤੋਂ ਦਿਓਘਰ ਦਾ ਫ਼ਾਸਲਾ ਕਰੀਬ 80 ਮਿਲੋਮੀਟਰ ਹੈ। ਅਧਿਕਾਰੀਆਂ ਨੇ ਕਿਹਾ ਕਿ ਇਲਾਕੇ ਦੇ ਹਵਾਈ ਖੇਤਰ ਨੂੰ 'ਨੋ ਫਲਾਇੰਗ ਜ਼ੋਨ' ਐਲਾਨਿਆ ਗਿਆ ਸੀ।

ਇਸੇ ਤਰ੍ਹਾਂ ਰਾਹੁਲ ਗਾਂਧੀ ਵੀ ਝਾਰਖੰਡ ਦੇ ਗੋਡਾ ਵਿੱਚ ਫਸ ਗਏ ਸਨ, ਜਿੱਥੇ ਉਹ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਸਨ। ਉਨ੍ਹਾਂ ਦੇ ਹੈਲੀਕਾਪਟਰ ਨੂੰ ਏਟੀਸੀ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਉਡਣ ਨਾ ਦਿੱਤਾ ਗਿਆ।
ਇਸ ਦੌਰਾਨ ਕਾਂਗਰਸ ਨੇ ਦੋਸ਼ ਲਗਾਇਆ ਕਿ ਗਾਂਧੀ ਨੂੰ ਪ੍ਰਸ਼ਾਸਨ ਵੱਲੋਂ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਝਾਰਖੰਡ ਦੀ ਰਾਜ ਮੰਤਰੀ ਦੀਪਿਕਾ ਪਾਂਡੇ ਸਿੰਘ ਨੇ ਦੋਸ਼ ਲਗਾਇਆ, ‘‘ਸਾਡੇ ਨੇਤਾ ਰਾਹੁਲ ਗਾਂਧੀ ਦੇ ਹੈਲੀਕਾਪਟਰ ਨੂੰ ਲਗਭਗ ਦੋ ਘੰਟੇ ਤੱਕ ਉਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਜਾਨ ਲਈ ਗੰਭੀਰ ਖਤਰਾ ਖੜ੍ਹਾ ਕੀਤਾ ਗਿਆ।’’ ਪੀਟੀਆਈ

