ਝਾਰਖੰਡ: ਅਸਮਾਨੀ ਬਿਜਲੀ ਡਿੱਗਣ ਨਾਲ ਤਿੰਨ ਵਿਦਿਆਰਥਣਾਂ ਸਣੇ ਚਾਰ ਹਲਾਕ
Jharkhand: 3 school girls among 4 dead in lightning strikes ਝਾਰਖੰਡ ਵਿੱਚ ਅੱਜ ਅਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਵਿਦਿਆਰਥਣਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ ਸੂਬੇ ਦੀ ਰਾਜਧਾਨੀ ਤੋਂ ਲਗਪਗ 50 ਕਿਲੋਮੀਟਰ ਦੂਰ ਨਰਕੋਪੀ ਥਾਣੇ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪਿੰਡ ਹੋਂਡਪੀਰੀ ਵਿੱਚ ਉਸ ਵੇਲੇ ਵਾਪਰੀ ਜਦੋਂ ਇਹ ਵਿਦਿਆਰਥੀ ਸਕੂਲ ਤੋਂ ਘਰ ਪਰਤ ਰਹੇ ਸਨ। ਨਰਕੋਪੀ ਥਾਣੇ ਦੇ ਇੰਚਾਰਜ ਨਾਗੇਸ਼ਵਰ ਸਾਹੂ ਨੇ ਦੱਸਿਆ ਕਿ ਮਰਨ ਵਾਲੇ ਵਿਦਿਆਰਥੀਆਂ ਦੀ ਉਮਰ ਪੰਜ ਤੋਂ ਬਾਰ੍ਹਾਂ ਸਾਲ ਦਰਮਿਆਨ ਸੀ। ਜਦੋਂ ਉਨ੍ਹਾਂ ’ਤੇ ਬਿਜਲੀ ਡਿੱਗੀ ਤਾਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਪਰੀ ਓਰਾਉਂ (5), ਅੰਜਲਿਕਾ ਕੁਜੂਰ (7) ਅਤੇ ਬਾਸਮਤੀ ਉਰਾਉਂ (12) ਵਜੋਂ ਹੋਈ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਸਾਹੂ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਰਕਾਰੀ ਪ੍ਰਬੰਧਾਂ ਅਨੁਸਾਰ 4-4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਪੁਲੀਸ ਨੇ ਦੱਸਿਆ ਕਿ ਦੂਜੀ ਘਟਨਾ ਪਲਾਮੂ ਜ਼ਿਲ੍ਹੇ ਦੇ ਚੈਨਪੁਰ ਖੇਤਰ ਦੇ ਬਹੇਰਾ ਪਿੰਡ ਵਿੱਚ ਵਾਪਰੀ, ਜਿੱਥੇ ਇੱਕ 38 ਸਾਲਾ ਕਿਸਾਨ ਦੀ ਅਸਮਾਨੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ।
ਚੈਨਪੁਰ ਥਾਣਾ ਇੰਚਾਰਜ ਸ੍ਰੀਰਾਮ ਸ਼ਰਮਾ ਨੇ ਦੱਸਿਆ ਕਿ ਇਹ ਕਿਸਾਨ ਉਸ ਵੇਲੇ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ, ਜਦੋਂ ਬਿਜਲੀ ਡਿੱਗ ਗਈ। ਸ਼ਰਮਾ ਨੇ ਦੱਸਿਆ ਕਿ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੀਟੀਆਈ