Jharkhand Elections 2024: ਚੋਣਾਂ ਦੇ ਦੂਜੇ ਪੜਾਅ ਅਧੀਨ 38 ਸੀਟਾਂ ਲਈ ਵੋਟਿੰਗ ਜਾਰੀ, 3 ਵਜੇ ਤੱਕ 61 ਫ਼ੀਸਦੀ ਪੋਲਿੰਗ
Jharkhand Elections 2024
ਰਾਂਚੀ, 20 ਨਵੰਬਰ
ਝਾਰਖੰਡ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਲਈ 38 ਵਿਧਾਨ ਸਭਾ ਸੀਟਾਂ ਲਈ ਬੁੱਧਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵੋਟਿੰਗ ਜਾਰੀ ਹੈ। ਬਾਅਦ ਦੁਪਹਿਰ 3 ਵਜੇ ਤੱਕ ਦੀ ਰਿਪੋਰਟ ਅਨੁਸਾਰ 38 ਵਿਧਾਨ ਸਭਾ ਸੀਟਾਂ ’ਤੇ 61 ਫ਼ੀਸਦੀ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 12 ਜ਼ਿਲ੍ਹਿਆਂ ਦੇ 14,218 ਬੂਥਾਂ ’ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਹਾਲਾਂਕਿ 31 ਬੂਥਾਂ ’ਤੇ ਪੋਲਿੰਗ ਸ਼ਾਮ 4 ਵਜੇ ਖਤਮ ਹੋ ਜਾਵੇਗੀ ਹਾਲਾਂਕਿ ਉਸ ਸਮੇਂ ਕਤਾਰ ’ਚ ਖੜ੍ਹੇ ਲੋਕ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ।
ਦੂਜੇ ਪੜਾਅ ਵਿਚ 60.79 ਲੱਖ ਔਰਤਾਂ ਅਤੇ 147 ਤੀਜੇ ਲਿੰਗ ਦੇ ਵੋਟਰਾਂ ਸਮੇਤ ਕੁੱਲ 1.23 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਹਨ। ਮੁੱਖ ਮੰਤਰੀ ਅਤੇ ਜੇਐਮਐਮ ਆਗੂ ਹੇਮੰਤ ਸੋਰੇਨ, ਉਨ੍ਹਾਂ ਦੀ ਪਤਨੀ ਕਲਪਨਾ ਸੋਰੇਨ ਅਤੇ ਭਾਜਪਾ ਦੇ ਵਿਰੋਧੀ ਧਿਰ ਦੇ ਨੇਤਾ ਅਮਰ ਕੁਮਾਰ ਬੌਰੀ ਸਮੇਤ ਕੁੱਲ 528 ਉਮੀਦਵਾਰ ਚੋਣਾਂ ਦੇ ਦੂਜੇ ਪੜਾਅ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਕੇ ਰਵੀ ਕੁਮਾਰ ਨੇ ਦੱਸਿਆ ਕਿ ਕੁੱਲ 14,218 ਪੋਲਿੰਗ ਸਟੇਸ਼ਨਾਂ ਵਿੱਚੋਂ 239 ’ਤੇ ਵੋਟਿੰਗ ਪ੍ਰਕਿਰਿਆ ਦੀ ਜ਼ਿੰਮੇਵਾਰੀ ਔਰਤਾਂ ਦੇ ਹੱਥਾਂ ਵਿੱਚ ਹੈ ਅਤੇ 22 ਪੋਲਿੰਗ ਸਟੇਸ਼ਨ ਪੀਡਬਲਿਊਡੀਜ਼ ਦੇ ਹੱਥਾਂ ਵਿੱਚ ਹਨ। ਚੋਣਾਂ ਦਾ ਪਹਿਲਾ ਪੜਾਅ 13 ਨਵੰਬਰ ਨੂੰ ਹੋਇਆ ਸੀ ਅਤੇ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਪੀਟੀਆਈ

