DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jharkhand Election Results: ਮੁੱਖ ਮੰਤਰੀ ਹੇਮੰਤ ਸੋਰੇਨ ਦੀ ਅਗਵਾਈ ਵਾਲਾ ਗੱਠਜੋੜ ਬਹੁਮਤ ਵੱਲ ਵਧਿਆ

ਰਾਂਚੀ, 23 ਨਵੰਬਰ Jharkhand Election Results: ਝਾਰਖੰਡ ਵਿਚ ਝਾਰਖੰਡ ਮੁਕਤੀ ਮੋਰਚਾ (JMM) ਦੀ ਅਗਵਾਈ ਵਾਲਾ ਗੱਠਜੋੜ ਮੁੜ ਵਿਧਾਨ ਸਭਾ ਵਿਚ ਬਹੁਮਤ ਹਾਸਲ ਕਰਨ ਵੱਲ ਵਧ ਰਿਹਾ ਹੈ। ਸੂਬੇ ਦੀਆਂ ਸਾਰੀਆਂ 81 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ਨਿੱਚਰਵਾਰ ਸਵੇਰੇ...
  • fb
  • twitter
  • whatsapp
  • whatsapp
Advertisement

ਰਾਂਚੀ, 23 ਨਵੰਬਰ

Jharkhand Election Results: ਝਾਰਖੰਡ ਵਿਚ ਝਾਰਖੰਡ ਮੁਕਤੀ ਮੋਰਚਾ (JMM) ਦੀ ਅਗਵਾਈ ਵਾਲਾ ਗੱਠਜੋੜ ਮੁੜ ਵਿਧਾਨ ਸਭਾ ਵਿਚ ਬਹੁਮਤ ਹਾਸਲ ਕਰਨ ਵੱਲ ਵਧ ਰਿਹਾ ਹੈ। ਸੂਬੇ ਦੀਆਂ ਸਾਰੀਆਂ 81 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ਨਿੱਚਰਵਾਰ ਸਵੇਰੇ 8 ਵਜੇ ਸ਼ੁਰੂ ਹੋਈ। ਇੱਥੇ ਚੋਣਾਂ ਦੋ ਪੜਾਵਾਂ ਵਿੱਚ ਹੋਈਆਂ ਸਨ। ਸੂਬੇ ਵਿਚ ਪਹਿਲਾਂ ਹੀ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਅਗਵਾਈ ਵਾਲੀ ਸਰਕਾਰ  ਕਾਇਮ ਹੈ ਤੇ ਇਹ ਗੱਠਜੋੜ ਆਪਣੀ ਸੱਤਾ ਬਹਾਲ ਰੱਖਦਾ ਦਿਖਾਈ ਦੇ ਰਿਹਾ ਹੈ।

Advertisement

ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ ਰੁਝਾਨਾਂ ਦੇ ਅਨੁਸਾਰ, ਜੇਐਮਐਮ ਦੀ ਅਗਵਾਈ ਵਾਲਾ ਇੰਡੀਆ ਬਲਾਕ ਝਾਰਖੰਡ ਦੀਆਂ 81 ਵਿਧਾਨ ਸਭਾ ਸੀਟਾਂ ਵਿੱਚੋਂ 56 'ਤੇ ਅੱਗੇ ਚੱਲ ਰਿਹਾ ਹੈ ਜਦੋਂ ਕਿ ਭਾਜਪਾ ਦੀ ਅਗਵਾਈ ਵਾਲਾ ਐਨਡੀਏ ਜ਼ੋਰਦਾਰ ਚੋਣ ਮੁਹਿੰਮ ਦੇ ਬਾਵਜੂਦ ਮਾੜੀ ਕਾਰਗੁਜ਼ਾਰੀ ਦਿਖਾਉਂਦਾ ਹੋਇਆ ਆਖ਼ਰੀ ਖ਼ਬਰਾਂ ਮਿਲਣ ’ਤੇ ਸਿਰਫ਼ 23 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ ਅਤੇ ਵੋਟਾਂ ਦੀ ਗਿਣਤੀ ਜਾਰੀ ਹੈ।

ਚੋਣ ਕਮਿਸ਼ਨ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਜੇਐਮਐਮ ਨੇ ਗੱਠਜੋੜ ਤਹਿਤ 43 ਸੀਟਾਂ ਉਤੇ ਚੋਣਾਂ ਲੜੀਆਂ ਤੇ ਉਹ 33 ਸੀਟਾਂ 'ਤੇ ਅੱਗੇ ਹੈ। ਕਾਂਗਰਸ ਆਪਣੀਆਂ 30 ਸੀਟਾਂ ਵਿੱਚੋਂ 16 ਸੀਟਾਂ 'ਤੇ ਅੱਗੇ ਹੈ। ਲਾਲੂ ਪ੍ਰਸਾਦ ਦੀ ਅਗਵਾਈ ਵਾਲਾ ਰਾਸ਼ਟਰੀ ਜਨਤਾ ਦਲ (RJD) ਹੈਰਾਨੀਜਨਕ ਮੁਜ਼ਾਹਰਾ ਕਰਦਿਆਂ ਆਪਣੇ ਵੱਲੋਂ ਲੜੀਆਂ ਛੇ ਸੀਟਾਂ ਵਿੱਚੋਂ ਪੰਜ ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਸੀਪੀਆਈ (ਐਮਐਲ) ਲਿਬਰੇਸ਼ਨ ਵੀ ਆਪਣੀਆਂ ਲੜੀਆਂ ਚਾਰ ਵਿੱਚੋਂ ਦੋ ਸੀਟਾਂ ਉੱਤੇ ਅੱਗੇ ਹੈ। ਹਾਕਮ ਗੱਠਜੋੜ ਨੇ ਕੁਝ ਸੀਟਾਂ 'ਤੇ ਦੋਸਤਾਨਾ ਲੜਾਈ ਵੀ ਲੜੀ।

ਐਨਡੀਏ ਵੱਲੋਂ ਭਾਜਪਾ 68 ਵਿਚੋਂ 21 ਸੀਟਾਂ 'ਤੇ ਅੱਗੇ ਸੀ। ਐਲਜੇਪੀ (ਰਾਮ ਵਿਲਾਸ) ਆਪਣੀ ਲੜੀ ਇਕਲੌਤੀ ਸੀਟ 'ਤੇ ਅੱਗੇ ਸੀ ਅਤੇ ਜੇਡੀ (ਯੂ) ਆਪਣੀਆਂ ਲੜੀਆਂ ਦੋ ਸੀਟਾਂ ਵਿਚੋਂ ਇਕ 'ਤੇ ਅੱਗੇ ਸੀ। ਗੱਠਜੋੜ ਦੀ ਇਕ ਹੋਰ ਪਾਰਟੀ AJSU ਪਾਰਟੀ ਦਾ ਲੱਗਭਗ ਸਫਾਇਆ ਹੋ ਗਿਆ ਹੈ। ਇਸ ਨੇ 10 ਸੀਟਾਂ ਉਤੇ ਚੋਣ ਲੜੀ ਤੇ ਸਾਰੀਆਂ ਉਤੇ ਹੀ ਪਛੜ ਰਹੀ ਹੈ, ਜਿਨ੍ਹਾਂ ਵਿਚ ਪਾਰਟੀ ਦੇ ਪ੍ਰਧਾਨ ਸੁਦੇਸ਼ ਮਹਤੋ ਵੀ ਸ਼ਾਮਲ ਹਨ।

ਰਾਂਚੀ ਵਿਚ ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਅਤੇ ਕਾਂਗਰਸੀ ਵਰਕਰ ਸ਼ਨਿੱਚਰ ਵਾਰ ਨੂੰ ਜੇਐਮਐਮ ਦਫ਼ਤਰ ਵਿੱਚ ਜਿੱਤ ਦਾ ਜਸ਼ਨ ਮਨਾਉਂਦੇ ਹੋਏ। -ਫੋਟੋ: ਪੀਟੀਆਈ
ਰਾਂਚੀ ਵਿਚ ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਅਤੇ ਕਾਂਗਰਸੀ ਵਰਕਰ ਸ਼ਨਿੱਚਰ ਵਾਰ ਨੂੰ ਜੇਐਮਐਮ ਦਫ਼ਤਰ ਵਿੱਚ ਜਿੱਤ ਦਾ ਜਸ਼ਨ ਮਨਾਉਂਦੇ ਹੋਏ। -ਫੋਟੋ: ਪੀਟੀਆਈ

ਚੋਣਾਂ ਦੌਰਾਨ ਪਹਿਲੇ ਗੇੜ ਵਿੱਚ 43 ਹਲਕਿਆਂ ਨੂੰ ਕਵਰ ਕੀਤਾ ਗਿਆ, ਜਦੋਂ ਕਿ ਦੂਜੇ ਅਤੇ ਆਖਰੀ ਪੜਾਅ ਵਿੱਚ 38 ਸੀਟਾਂ ਉੱਤੇ ਵੋਟਿੰਗ ਹੋਈ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਸਾਰੇ 24 ਕੇਂਦਰਾਂ ’ਤੇ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋ ਗਈ।

ਮੁੱਖ ਚੋਣ ਅਧਿਕਾਰੀ ਕੇ ਰਵੀ ਕੁਮਾਰ ਨੇ ਦੱਸਿਆ ਕਿ ਸ਼ਾਮ 4 ਵਜੇ ਤੱਕ ਗਿਣਤੀ ਪੂਰੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਘੱਟ 13 ਗੇੜਾਂ ਦੀ ਗਿਣਤੀ ਟੋਰਪਾ ਵਿਧਾਨ ਸਭਾ ਖੇਤਰ ਨਾਲ ਸਬੰਧਤ ਹੋਵੇਗੀ ਜਦਕਿ ਚਤਰਾ ਸੀਟ ਲਈ ਸਭ ਤੋਂ ਵੱਧ 24 ਗੇੜਾਂ ਦੀ ਗਿਣਤੀ ਹੋਵੇਗੀ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਛੱਡ ਕੇ ਕਿਸੇ ਨੂੰ ਵੀ ਗਿਣਤੀ ਕੇਂਦਰਾਂ ਦੇ ਅੰਦਰ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ।

ਜ਼ਿਕਰਯੋਗ ਹੈ ਕਿ ਇਸ ਵਾਰ ਮਤਦਾਨ ਰਿਕਾਰਡ 67.74 ਪ੍ਰਤੀਸ਼ਤ ਤੱਕ ਪਹੁੰਚ ਗਿਆ, ਜੋ ਕਿ 15 ਨਵੰਬਰ, 2000 ਨੂੰ ਝਾਰਖੰਡ ਦੇ ਗਠਨ ਤੋਂ ਬਾਅਦ ਸਭ ਤੋਂ ਵੱਧ ਹੈ। ਪੀਟੀਆਈ

Advertisement
×