Jharkhand Cabinet Expansion: ਝਾਰਖੰਡ ਵਿੱਚ ਮੰਤਰੀ ਮੰਡਲ ਦਾ ਵਿਸਤਾਰ
ਰਾਂਚੀ, 5 ਦਸੰਬਰ
ਝਾਰਖੰਡ ਵਿੱਚ ਹੇਮੰਤ ਸੋਰੇਨ ਸਰਕਾਰ ਵੱਲੋਂ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਗਿਆ। ਇਸ ਦੌਰਾਨ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੇ ਛੇ ਤੇ ਕਾਂਗਰਸ ਦੇ ਚਾਰ ਵਿਧਾਇਕਾਂ ਸਮੇਤ ਕੁੱਲ 11 ਵਿਧਾਇਕਾਂ ਨੇ ਮੰਤਰੀਆਂ ਵਜੋਂ ਹਲਫ਼ ਲਿਆ। ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਨੇ ਸਾਰਿਆਂ ਨੂੰ ਰਾਜ ਭਵਨ ’ਚ ਸਥਿਤ ਅਸ਼ੋਕ ਉਦਿਆਨ ਵਿੱਚ ਅਹੁਦੇ ਦਾ ਹਲਫ਼ ਦਿਵਾਇਆ। ਝਾਰਖੰਡ ਮੁਕਤੀ ਮੋਰਚਾ ਦੇ ਛੇ ਵਿਧਾਇਕਾਂ ਵਿੱਚ ਸੁਦਿੱਵਿਆ ਕੁਮਾਰ, ਦੀਪਕ ਬਿਰੂਆ, ਰਾਮਦਾਸ ਸੋਰੇਨ, ਚਾਮਰਾ ਲਿੰਡਾ, ਯੋਗੇਂਦਰ ਪ੍ਰਸਾਦ ਅਤੇ ਹਾਫੀਜੁਲ ਹਸਨ ਦੇ ਨਾਂ ਸ਼ਾਮਲ ਹਨ। ਇਸੇ ਤਰ੍ਹਾਂ ਕਾਂਗਰਸੀ ਵਿਧਾਇਕਾਂ ਦੀਪਿਕਾ ਪਾਂਡੇ ਸਿੰਘ, ਸ਼ਿਲਪੀ ਨੇਹਾ ਤਿਰਕੇ, ਇਰਫਾਨ ਅੰਸਾਰੀ ਅਤੇ ਰਾਧਾਕ੍ਰਿਸ਼ਨ ਕਿਸ਼ੋਰ ਜਦਕਿ ਆਰਜੇਡੀ ਦੇ ਸੰਜੈ ਪ੍ਰਸਾਦ ਯਾਦਵ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ।
ਜ਼ਿਕਰਯੋਗ ਹੈ ਕਿ ਹੇਮੰਤ ਸੋਰੇਨ ਨੇ 28 ਨਵੰਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਨਵੀਂ ਸਰਕਾਰ ਵਿੱਚ ਛੇ ਨਵੇਂ ਚਿਹਰੇ ਸ਼ਾਮਲ ਹਨ। ਦੀਪਿਕਾ ਪਾਂਡੇ ਸਿੰਘ, ਇਰਫਾਨ ਅੰਸਾਰੀ, ਦੀਪਕ ਬਿਰੂਆ ਤੇ ਰਾਮਦਾਸ ਸੋਰੇਨ ਨੂੰ ਜਿਥੇ ਦੂਜੀ ਵਾਰ ਮੰਤਰੀ ਬਣਨ ਦਾ ਮੌਕਾ ਮਿਲਿਆ ਹੈ, ਉੱਥੇ ਹਾਫੀਜ਼ੁੱਲ ਹਸਨ ਤੀਜੀ ਵਾਰ ਮੰਤਰੀ ਬਣੇ ਹਨ।
ਸਹੁੰ ਚੁੱਕ ਸਮਾਗਮ ਦਾ ਆਰੰਭ ਸਟੀਫਨ ਮਾਰਾਂਡੀ ਵਜੋਂ ਵਿਧਾਨ ਸਭਾ ਦੇ ਪ੍ਰੋਟੇਮ ਸਪੀਕਰ ਵਜੋਂ ਸਹੁੰ ਚੁੱਕਣ ਨਾਲ ਹੋਇਆ। ਪਿਛਲੇ ਮਹੀਨੇ ਜੇਐੱਮਐੱਮ ਦੀ ਅਗਵਾਈ ਵਾਲਾ ਗੱਠਜੋੋੜ ਝਾਰਖੰਡ ਵਿੱਚ ਦੂਜੀ ਵਾਰ ਸੱਤਾ ’ਚ ਆਇਆ ਸੀ। 81 ਮੈਂਬਰੀ ਵਿਧਾਨ ਸਭਾ ਵਿੱਚ ਜੇਐਮਐਮ ਗਠਜੋੜ ਨੂੰ 56 ਸੀਟਾਂ ਮਿਲੀਆਂ ਸਨ ਜਦਕਿ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਨੂੰ 24 ਸੀਟਾਂ ਮਿਲੀਆਂ ਸਨ। -ਪੀਟੀਆਈ