JEE Main Result: 12 ਲੱਖ ਉਮੀਦਵਾਰਾਂ ’ਚੋਂ 14 ਨੇ 100 ਫੀਸਦ ਨੰਬਰ ਲਏ
ਨਵੀਂ ਦਿੱਲੀ, 11 ਫਰਵਰੀ
ਇੰਜਨੀਅਰਿੰਗ ਦਾਖ਼ਲਾ ਪ੍ਰੀਖਿਆ JEE Main-2025 ਦੇ ਪਹਿਲੇ ਐਡੀਸ਼ਨ ਵਿੱਚ 12 ਲੱਖ ਉਮੀਦਵਾਰਾਂ ਵਿਚੋਂ 14 ਵਿਦਿਆਰਥੀਆਂ ਨੇ 100 ਫੀਸਦ ਨੰਬਰਾਂ ਨਾਲ ‘ਟੌਪ’ ਕੀਤਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਰਾਜਸਥਾਨ ਨਾਲ ਸਬੰਧਤ ਹਨ।
ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਅੱਜ ਐਲਾਨੇ ਨਤੀਜਿਆਂ ਵਿਚ ਸਿਖਰਲੇ 14 ਉਮੀਦਵਾਰਾਂ ਵਿੱਚੋਂ 12 ਜਨਰਲ ਵਰਗ, ਜਦੋਂਕਿ ਇੱਕ-ਇੱਕ ਕ੍ਰਮਵਾਰ OBC ਅਤੇ SC ਵਰਗ ਨਾਲ ਸਬੰਧਤ ਹਨ। ਇਸ ਅਹਿਮ ਪ੍ਰੀਖਿਆ ਦੇ ਪਹਿਲੇ ਐਡੀਸ਼ਨ ਵਿੱਚ 12.58 ਲੱਖ ਤੋਂ ਵੱਧ ਉਮੀਦਵਾਰ ਬੈਠੇ ਸਨ।
ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲਿਆਂ ਵਿੱਚ ਰਾਜਸਥਾਨ ਤੋਂ ਪੰਜ, ਦਿੱਲੀ ਤੇ ਯੂਪੀ ਤੋਂ ਦੋ-ਦੋ ਅਤੇ ਕਰਨਾਟਕ, ਆਂਧਰਾ ਪ੍ਰਦੇਸ਼, ਗੁਜਰਾਤ, ਤਿਲੰਗਾਨਾ ਅਤੇ ਮਹਾਰਾਸ਼ਟਰ ਤੋਂ ਇੱਕ-ਇੱਕ ਵਿਦਿਆਰਥੀ ਸ਼ਾਮਲ ਹਨ।
ਪ੍ਰੀਖਿਆ ਪੰਜਾਬੀ, ਬੰਗਾਲੀ, ਅੰਗਰੇਜ਼ੀ, ਗੁਜਰਾਤੀ, ਹਿੰਦੀ, ਕੰਨੜ, ਮਲਿਆਲਮ, ਮਰਾਠੀ ਸਣੇ 13 ਭਾਸ਼ਾਵਾਂ ਵਿੱਚ ਲਈ ਗਈ ਸੀ। ਇਹ ਪ੍ਰੀਖਿਆ ਭਾਰਤ ਤੋਂ ਬਾਹਰ 15 ਸ਼ਹਿਰਾਂ ਵਿੱਚ ਵੀ ਲਈ ਗਈ ਸੀ ਜਿਨ੍ਹਾਂ ਵਿੱਚ ਮਨਾਮਾ, ਦੋਹਾ, ਦੁਬਈ, ਕਾਠਮੰਡੂ, ਮਸਕਟ, ਰਿਆਦ, ਸ਼ਾਰਜਾਹ, ਸਿੰਗਾਪੁਰ, ਕੁਵੈਤ ਸਿਟੀ, ਕੁਆਲਾਲੰਪੁਰ, ਅਬੂ ਧਾਬੀ, ਪੱਛਮੀ ਜਾਵਾ, ਵਾਸ਼ਿੰਗਟਨ, ਲਾਗੋਸ ਅਤੇ ਮਿਊਨਿਖ਼ ਸ਼ਾਮਲ ਹਨ।
ਪ੍ਰੀਖਿਆ ਦਾ ਪਹਿਲਾ ਐਡੀਸ਼ਨ ਜਨਵਰੀ-ਫਰਵਰੀ ’ਚ ਹੋਇਆ, ਜਦੋਂਕਿ ਦੂਜਾ ਐਡੀਸ਼ਨ ਅਪਰੈਲ ’ਚ ਹੋਵੇਗਾ। ਜੇਈਈ-ਮੇਨ ਪੇਪਰ 1 ਅਤੇ ਪੇਪਰ 2 ਦੇ ਨਤੀਜਿਆਂ ਦੇ ਆਧਾਰ ’ਤੇ ਉਮੀਦਵਾਰਾਂ ਨੂੰ ਜੇਈਈ-ਐਡਵਾਂਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ‘ਸ਼ਾਰਟਲਿਸਟ’ ਕੀਤਾ ਜਾਵੇਗਾ। ਸਫਲ ਵਿਦਿਆਰਥੀਆਂ ਨੂੰ 23 ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਵਿੱਚ ਦਾਖ਼ਲਾ ਮਿਲਦਾ ਹੈ। -ਪੀਟੀਆਈ