ਜੰਮੂ ਕਸ਼ਮੀਰ ਦੇ ਸੂਬੇ ਦੇ ਦਰਜੇ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਕਾਂਗਰਸ ਵੱਲੋਂ ਕੀਤੇ ਗਏ ਮਾਰਚ ਦੌਰਾਨ ਪੁਲੀਸ ਨੇ ਕਈ ਆਗੂਆਂ ਤੇ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਹਿਰਾਸਤ ਵਿੱਚ ਲਏ ਗਏ ਆਗੂਆਂ ਵਿੱਚ ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤਾਰਿਕ ਹਮੀਦ ਕਾਰਾ ਵੀ ਸ਼ਾਮਲ ਸਨ। ਇਹ ਪਿਛਲੇ ਦੋ ਦਿਨਾਂ ਵਿੱਚ ਦੂਜੀ ਵਾਰ ਹੋਇਆ ਹੈ ਜਦੋਂ ਪੁਲੀਸ ਨੇ ਕਾਂਗਰਸ ਨੂੰ ‘ਹਮਾਰੀ ਰਿਆਸਤ ਹਮਾਰਾ ਹੱਕ’ ਬੈਨਰ ਹੇਠ ਰੈਲੀ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਸ੍ਰੀਨਗਰ ਵਿੱਚ ਪੁਲੀਸ ਨੇ ਕਾਂਗਰਸ ਦੀ ਇਕ ਰੈਲੀ ਰੋਕ ਦਿੱਤੀ ਸੀ।ਕਾਰਾ ਤੇ ਪਾਰਟੀ ਦੇ ਜਨਰਲ ਸਕੱਤਰ ਜੀਏ ਮੀਰ ਦੀ ਅਗਵਾਈ ਵਿੱਚ ਸੈਂਕੜੇ ਕਾਂਗਰਸੀ ਕਾਰਕੁਨ ਜੰਮੂ ਦੇ ਮੱਧ ਵਿੱਚ ਸ਼ਹੀਦੀ ਚੌਕ ’ਚ ਸਥਿਤ ਪਾਰਟੀ ਹੈੱਡਕੁਆਰਟਰ ’ਚ ਇਕੱਤਰ ਹੋਏ। ਉਹ ਉਪ-ਰਾਜਪਾਲ ਮਨੋਜ ਸਿਨਹਾ ਨੂੰ ਮੰਗ ਪੱਤਰ ਸੌਂਪਣ ਲਈ ਰਾਜ ਭਵਨ ਤੱਕ ਮਾਰਚ ਕਰਨ ਵਾਲੇ ਸਨ ਪਰ ਪੁਲੀਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਦਿੱਤਾ। ਹਿਰਾਸਤ ’ਚ ਲਏ ਗਏ ਪ੍ਰਦਰਸ਼ਨਕਾਰੀਆਂ ਵਿੱਚ ਮੀਰ ਵੀ ਸ਼ਾਮਲ ਹਨ। ਕਾਰਾ ਨੇ ਅਧਿਕਾਰੀਆਂ ਦੀ ਨਿਖੇਧੀ ਕਰਦੇ ਹੋਏ ਕਿਹਾ, ‘‘ਇਸ ਕਾਰਵਾਈ ਨਾਲ ਉਨ੍ਹਾਂ ਨੇ ਆਪਣੀ ਨਿਰਾਸ਼ਾ ਅਤੇ ਆਪਣੀ ਮਾਨਸਿਕਤਾ ਨੂੰ ਦਰਸਾਇਆ ਹੈ ਕਿ ਉਹ ਲੋਕਤੰਤਰੀ ਵਿਵਸਥਾ ਵਿੱਚ ਭਰੋਸਾ ਨਹੀਂ ਕਰਦੇ ਹਨ ਅਤੇ ਲੋਕਾਂ ਦੀ ਆਵਾਜ਼ ਪ੍ਰਤੀ ਕੋਈ ਸਨਮਾਨ ਨਹੀਂ ਰੱਖਦੇ ਹਨ।’’ ਉਨ੍ਹਾਂ ਕਿਹਾ ਕਿ ਉਹ ਅਸ਼ਾਂਤੀ ਫੈਲਾਉਣ ਲਈ ਸੜਕਾਂ ’ਤੇ ਨਹੀਂ ਆਏ ਹਨ ਬਲਕਿ ਉਨ੍ਹਾਂ ਨੇ ਉਪ-ਰਾਜਪਾਲ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਮੰਗ ਪੱਤਰ ਸੌਂਪਣ ਦੀ ਯੋਜਨਾ ਬਣਾਈ ਹੈ, ਜਿਸ ਵਿੱਚ ਸੂਬੇ ਦੇ ਦਰਜੇ ਵਾਸਤੇ ਲੋਕਾਂ ਦੀ ਇੱਛਾ ਨੂੰ ਦਰਸਾਇਆ ਜਾਵੇਗਾ। -ਕਾਂਗਰਸ ਪੁਲੀਸ ਕਾਰਵਾਈਆਂ ਤੋਂ ਨਹੀਂ ਡਰਦੀ: ਕਾਰਾਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤਾਰਿਕ ਹਮੀਦ ਕਾਰਾ ਨੇ ਕਿਹਾ, ‘‘ਕਾਂਗਰਸ ਪੁਲੀਸ ਦੀਆਂ ਅਜਿਹੀਆਂ ਕਾਰਵਾਈਆਂ ਤੋਂ ਨਹੀਂ ਡਰਦੀ ਬਲਕਿ ਆਪਣੇ ਅਧਿਕਾਰਾਂ ਲਈ ਲੜਨ ਦੇ ਆਪਣੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗੀ।’’ ਉਨ੍ਹਾਂ ਕਿਹਾ ਕਿ ਸ੍ਰੀਨਗਰ ਅਤੇ ਜੰਮੂ ਵਿੱਚ ਪੁਲੀਸ ਕਾਰਵਾਈ ਦੇ ਬਾਵਜੂਦ ਪਾਰਟੀ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਸੰਸਦ ਘੇਰਨ ਲਈ ਸੋਮਵਾਰ ਨੂੰ ਆਪਣੇ ‘ਦਿੱਲੀ ਚੱਲੋ’ ਪ੍ਰੋਗਰਾਮ ’ਤੇ ਅੱਗੇ ਵਧੇਗੀ। ਪੀਸੀਸੀ ਪ੍ਰਧਾਨ ਨੇ ਕਿਹਾ, ‘‘ਅਸੀਂ ਦਿੱਲੀ ਪਹੁੰਚ ਕੇ ਸੰਸਦ ਨੂੰ ਘੇਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਇਸ ਬੋਲੀ, ਅੰਨ੍ਹੀ ਤੇ ਅੰਗਹੀਣ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਉਹ ਜਲਦੀ ਤੋਂ ਜਲਦੀ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਦੇਵੇ।’’ ਉਨ੍ਹਾਂ ਕਿਹਾ ਕਿ ਪੂਰੇ ‘ਇੰਡੀਆ’ ਗੱਠਜੋੜ ਦੇ ਸੰਸਦ ਮੈਂਬਰ ਜੰਮੂ ਕਸ਼ਮੀਰ ਲਈ ਸੂਬੇ ਦੇ ਦਰਜੇ ਦੀ ਮੰਗ ਦਾ ਸਮਰਥਨ ਕਰਦੇ ਹਨ।