ਜੰਮੂ-ਕਸ਼ਮੀਰ: ਸਰਕਾਰੀ ਸਕੂਲ 'ਤੇ ਢਿੱਗਾਂ ਡਿੱਗਣ ਕਾਰਨ ਵਿਦਿਆਰਥੀ ਦੀ ਮੌਤ
ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਭਾਰੀ ਮੀਂਹ ਦੌਰਾਨ ਢਿੱਗਾਂ ਡਿੱਗਣ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਲੈਫਟੀਨੈਂਟ ਗਵਰਨਰ (ਐੱਲਜੀ) ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਨੌਜਵਾਨ ਵਿਦਿਆਰਥੀ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ।
ਭੈਂਚ-ਕਲਸੀਆਂ ਖੇਤਰ ਦੇ ਪ੍ਰਾਇਮਰੀ ਸਕੂਲ ਦੀ ਟੀਨ ਦੀ ਛੱਤ ਰਾਹੀਂ ਇੱਕ ਵੱਡਾ ਪੱਥਰ ਕਲਾਸਰੂਮ ਵਿੱਚ ਜਾ ਡਿੱਗਿਆ। ਜਿਸ ਨਾਲ ਕਈ ਵਿਦਿਆਰਥੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਿਦਿਆਰਥੀ ਅਹਿਸਾਨ ਅਲੀ (5) ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਚਾਰ ਵਿਦਿਆਰਥੀ - ਮੁਹੰਮਦ ਸਫੀਰ (7), ਬਿਲਾਲ ਫਾਰੂਕ (8), ਅਫਤਾਬ ਅਹਿਮਦ (7) ਅਤੇ ਟੋਬੀਆ ਕੌਸਰ (7) - ਅਤੇ ਇੱਕ ਅਧਿਆਪਕ ਇਸ ਘਟਨਾ ਵਿੱਚ ਜ਼ਖਮੀ ਹੋਏ ਹਨ ਅਤੇ ਪੁੰਛ ਦੇ ਰਾਜਾ ਸੁਖਦੇਵ ਸਿੰਘ ਜ਼ਿਲ੍ਹਾ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਇਸ ਘਟਨਾ ਸਬੰਧੀ ਐਲਜੀ ਸਿਨਹਾ ਨੇ ਐਕਸ ’ਤੇ ਇੱਕ ਪੋਸਟ ਵਿੱਚ ਵਿਦਿਆਰਥੀ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ, ‘‘ਕਲਸੀਆਂ ਪੁੰਛ ਦੇ ਪ੍ਰਾਇਮਰੀ ਸਕੂਲ ਵਿੱਚ ਢਿੱਗਾਂ ਡਿੱਗਣ ਕਾਰਨ 5 ਸਾਲ ਦੇ ਬੱਚੇ ਦੀ ਮੌਤ ਦੀ ਖ਼ਬਰ ਬਹੁਤ ਦੁਖਦਾਈ ਹੈ। ਪ੍ਰਮਾਤਮਾ ਵਿਛੜੇ ਮਾਪਿਆਂ ਨੂੰ ਇਹ ਸਦਮਾ ਸਹਿਣ ਦੀ ਸ਼ਕਤੀ ਬਖਸ਼ੇ। ਮੈਂ ਜ਼ਖਮੀ ਬੱਚਿਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।"
ਮੁੱਖ ਮੰਤਰੀ ਅਬਦੁੱਲਾ ਨੇ ਵੀ ਐਕਸ 'ਤੇ ਇੱਕ ਪੋਸਟ ਵਿੱਚ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਅਧਿਕਾਰੀਆਂ ਅਨੁਸਾਰ ਤੁਰੰਤ ਰਾਹਤ ਵਜੋਂ ਡਿਪਟੀ ਕਮਿਸ਼ਨਰ ਨੇ ਰੈੱਡ ਕਰਾਸ ਫੰਡ ਅਧੀਨ ਵਿੱਤੀ ਸਹਾਇਤਾ ਜਾਰੀ ਕੀਤੀ ਹੈ। ਜਿਸ ਵਿਚ ਅਹਿਸਾਨ ਅਲੀ ਦੇ ਪਰਿਵਾਰ ਨੂੰ 1 ਲੱਖ ਰੁਪਏ ਅਤੇ ਜ਼ਖਮੀ ਬੱਚਿਆਂ ਦੇ ਪਰਿਵਾਰਾਂ ਨੂੰ 50,000 ਰੁਪਏ ਪ੍ਰਤੀ ਪਰਿਵਾਰ ਪ੍ਰਦਾਨ ਕੀਤੇ ਹਨ। ਉਨ੍ਹਾਂ ਨੇ ਬੱਚਿਆਂ ਦੇ ਪਰਿਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ ਹੈ।