ਜੰਮੂ-ਕਸ਼ਮੀਰ: ਵੈਸ਼ਨੋ ਦੇਵੀ ਯਾਤਰਾ ਮੁਅੱਤਲ ਦੇ ਵਿਚਕਾਰ ਸ਼ਰਧਾਲੂਆਂ ਵੱਲੋਂ ਵਿਰੋਧ ਪ੍ਰਦਰਸ਼ਨ
ਮਾਤਾ ਵੈਸ਼ਨੋ ਦੇਵੀ ਤੀਰਥ ਯਾਤਰਾ ਖ਼ਰਾਬ ਮੌਸਮ ਦੇ ਚਲੱਦਿਆਂ 20ਵੇਂ ਦਿਨ ਵੀ ਮੁਅੱਤਲ ਰਹੀ। ਇਸ ਲਈ ਸ਼ਰਧਾਲੂਆਂ ਦੇ ਇੱਕ ਸਮੂਹ ਨੇ ਕਟੜਾ ਬੇਸ ਕੈਂਪ ’ਤੇ ਵਿਰੋਧ ਪ੍ਰਦਰਸ਼ਨ ਕੀਤਾ।
ਹਾਲਾਂਕਿ ਪੁਲੀਸ ਨੇ ਸ਼ਰਾਈਨ ਬੋਰਡ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਸੁਰੱਖਿਆ ਘੇਰਾ ਤੋੜਨ ਅਤੇ ਯਾਤਰਾ ਕਰਨ ਦੀ ਉਨ੍ਹਾਂ ਦੀ ਵਾਰ-ਵਾਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।
ਜ਼ਿਕਰਯੋਗ ਹੈ ਕਿ 26 ਅਗਸਤ ਨੂੰ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਕਿਉਂਕਿ ਕੁਝ ਘੰਟੇ ਪਹਿਲਾਂ ਹੀ ਇਸ ਰਸਤੇ ’ਤੇ ਜ਼ਮੀਨ ਖਿਸਕ ਗਈ ਸੀ, ਜਿਸ ਦੇ ਕਰਕੇ 34 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਅਤੇ 20 ਹੋਰ ਜ਼ਖ਼ਮੀ ਹੋ ਗਏ ਸਨ।
ਸ਼ਰਾਈਨ ਬੋਰਡ ਨੇ 14 ਸਤੰਬਰ ਤੋਂ ਯਾਤਰਾ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪਰ ਲਗਾਤਾਰ ਪੈ ਰਹੇ ਮੀਂਹ ਅਤੇ ਸੁਰੱਖਿਆ ਚਿੰਤਾਵਾਂ ਕਾਰਨ ਫੈਸਲਾ ਬਦਲਣਾ ਪਿਆ।
ਅੱਜ ਕਟੜਾ ਸ਼ਹਿਰ ਵਿੱਚ ਯਾਤਰਾ ਲਈ ਬਾਣਗੰਗਾ ਦਰਸ਼ਨੀ ਗੇਟ ’ਤੇ ਔਰਤਾਂ ਸਮੇਤ ਕੁਝ ਸ਼ਰਧਾਲੂ ਇਕੱਠੇ ਹੋਏ ਅਤੇ ਉਨ੍ਹਾਂ ਨੇ ‘ਜੈ ਮਾਤਾ ਦੀ’ ਨਾਅਰੇ’ ਲਗਾਉਂਦਿਆ ਟਰੈਕ ’ਤੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ।
ਹਾਲਾਂਕਿ ਦਿਨ ਭਰ ਕਈ ਘੰਟਿਆਂ ਤੱਕ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਤਾਇਨਾਤ ਪੁਲੀਸ ਫੋਰਸ ਨੇ ਉਨ੍ਹਾਂ ਨੂੰ ਅੱਗੇ ਵਧਣ ਨਹੀਂ ਦਿੱਤਾ।
ਮੱਧ ਪ੍ਰਦੇਸ਼ ਦੇ ਇੱਕ ਵਾਸੀ ਰਾਜੀਵ ਲੋਧੀ ਨੇ ਕਿਹਾ, “ ਮੈਂ ਪਿਛਲੇ ਦੋ ਮਹੀਨਿਆਂ ਵਿੱਚ ਨੰਗੇ ਪੈਰੀਂ ਤੁਰ ਕੇ ਕਟੜਾ ਪਹੁੰਚਿਆ ਹਾਂ ਅਤੇ ਮੈਂ ਜਲਦੀ ਤੋਂ ਜਲਦੀ ਇਸ ਧਾਰਮਿਕ ਸਥਾਨ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ।”
ਉਨ੍ਹਾਂ ਨੇ ਬੋਰਡ ਨੂੰ ਯਾਤਰਾ ਦੁਬਾਰਾ ਸ਼ੁਰੂ ਕਰਨ ਦੀ ਬੇਨਤੀ ਕੀਤੀ।