ਜੰਮੂ-ਕਸ਼ਮੀਰ: ਦਹਿਸ਼ਤੀ ਹਮਲਾ ਪੀੜਤਾਂ ਦੇ ਵਾਰਸਾਂ ਦੀ ਮਦਦ ਲਈ ਪੋਰਟਲ ਸ਼ੁਰੂ
ਜੰਮੂੁ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਦਹਿਸ਼ਤੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਰਾਹਤ ਤੇ ਤਰਸ ਦੇ ਆਧਾਰ ’ਤੇ ਨਿਯੁਕਤੀ ਪ੍ਰਦਾਨ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਲਈ ਅੱਜ ਇੱਕ ਵੈੱਬ ਪੋਰਟਲ ਸ਼ੁਰੂ ਕੀਤਾ ਹੈ। ਸਿਨਹਾ ਨੇ ਕਿਹਾ ਕਿ ਗ੍ਰਹਿ ਵਿਭਾਗ ਵੱਲੋਂ ਕੌਮੀ ਸੁੂਚਨਾ ਵਿਗਿਆਨ ਕੇਂਦਰ (ਐੱਨਆਈਸੀ) ਦੇ ਸਹਿਯੋਗ ਨਾਲ ਤਿਆਰ ਇਹ ਪੋਰਟਲ ਅਤਿਵਾਦ ਪ੍ਰਭਾਵਿਤ ਪਰਿਵਾਰਾਂ ਬਾਰੇ ਵਿਆਪਕ ਜ਼ਿਲ੍ਹਾਵਾਰ ਅੰਕੜੇ ਇਕੱਠੇ ਕਰਨ ਤੇ ਉਨ੍ਹਾਂ ਨੂੰ ਸੰਭਾਲ ਕੇ ਰੱਖਣ ਲਈ ਏਕੀਕ੍ਰਿਤ ਪਲੈਟਫਾਰਮ ਹੋਵੇਗਾ। ਉਪ ਰਾਜਪਾਲ ਨੇ ਕਿਹਾ, ‘‘ਅੱਜ ਜੰਮੂ ਕਸ਼ਮੀਰ ’ਚ ਅਤਿਵਾਦ ਤੋਂ ਪੀੜਤ ਪਰਿਵਾਰਾਂ ਨੂੰ ਸਮਰਪਿਤ ਵੈੱਬ ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਹ ਕਦਮ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਦਹਿਸ਼ਤੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਰਾਹਤ, ਤਰਸ ਦੇ ਆਧਾਰ ’ਤੇ ਨਿਯੁਕਤੀਆਂ ਤੇ ਹੋਰ ਸਹਾਇਤਾ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਏਗਾ ਤੇ ਤੇਜ਼ ਕਰੇਗਾ।’’ ਇੱਕ ਅਧਿਕਾਰਤ ਸੂਤਰ ਨੇ ਕਿਹਾ ਕਿ ਪੀੜਤਾਂ ਜਾਂ ਉਨ੍ਹਾਂ ਦੀ ਪਰਿਵਾਰਕ ਮੈਂਬਰਾਂ ਦੀ ਕਿਸੇ ਵੀ ਪ੍ਰਾਪਰਟੀ ’ਤੇ ਕਬਜ਼ੇ ਸਬੰਧੀ ਵੇਰਵੇ ਵੀ ਇਕੱਠੇ ਕੀਤੇ ਜਾ ਰਹੇ ਹਨ। -