ਜੰਮੂ-ਕਸ਼ਮੀਰ: NH-244 ਆਵਾਜਾਈ ਲਈ ਖੋਲ੍ਹਿਆ ਗਿਆ; ਕਿਸ਼ਤਵਾੜ ਅਤੇ ਊਧਮਪੁਰ ’ਚ ਸੜਕ ਸੰਪਰਕ ਬਹਾਲ
ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ਅਤੇ ਉਧਮਪੁਰ ਜ਼ਿਲ੍ਹਿਆਂ ਵਿੱਚ ਸੜਕ ਸੰਪਰਕ ਮੁੜ ਬਹਾਲ ਕਰਨ ਬਾਰੇ ਜਾਣਕਾਰੀ ਦਿੱਤੀ।
ਕੌਮੀ ਰਾਜਮਾਰਗ -244 ਤੋਂ ਥੱਥਰੀ ਤੋਂ ਕਿਸ਼ਤਵਾੜ ਤੱਕ ਦੀ ਸੜਕ ਨੂੰ ਲੈਂਡ ਸਲਾਈਡ ਕਰਕੇ ਕਾਫ਼ੀ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਿਆ ਸੀ ਅਤੇ ਹੁਣ ਮਲਬੇ ਦੀ ਸਫ਼ਾਈ ਤੋਂ ਬਾਅਦ ਸਪੰਰਕ ਮੁੜ ਬਹਾਲ ਕਰ ਦਿੱਤਾ ਗਿਆ।
ਭਾਰੀ ਚੱਟਾਨਾਂ ਅਤੇ ਪੱਥਰਾਂ ਨੂੰ ਹਟਾਉਣ ਦੇ ਕੰਮ ਮੁਕੰਮਲ ਹੋਣ ਤੋਂ ਬਾਅਦ ਕਿਸ਼ਤਵਾੜ-ਚੱਤਰੂ-ਸਿੰਥਨ ਟੌਪ ਸੜਕ ਵੀ ਜਲਦੀ ਹੀ ਖੁੱਲ੍ਹਣ ਦੀ ਉਮੀਦ ਹੈ ।
ਉੱਧਰ ਦੂਜੇ ਪਾਸੇ ਥੱਥਰੀ ਕਠੂਆ ਸੜਕ ਨੂੰ ਇੱਕ ਹਫਤੇ ਬੰਦ ਰਹਿਣ ਤੋਂ ਬਾਅਦ ਮੁੜ ਖੋਲ੍ਹ ਦਿੱਤਾ ਗਿਆ, ਜਿਸ ਨਾਲ 15,000 ਤੋਂ ਵੱਧ ਲੋਕਾਂ ਦਾ ਸੰਪਰਕ ਬਹਾਲ ਹੋ ਗਿਆ।
ਕੇਂਦਰੀ ਮੰਤਰੀ ਨੇ ਐਕਸ ’ਤੇ ਪੋਸਟ ਕਰਦਿਆ ਲਿਖਿਆ, “ NH-244 ਉੱਤੇ ਮਲਬੇ ਨੂੰ ਹਟਾ ਦਿੱਤਾ ਗਿਆ ਹੈ ਅਤੇ ਇਸ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਥੱਥਰੀ ਕਠੂਆ ਸੜਕ ਇੱਕ ਹਫਤੇ ਬਾਅਦ ਖੁੱਲ੍ਹੀ, ਜਿਸ ਨਾਲ 15,000 ਤੋਂ ਵੱਧ ਲੋਕਾਂ ਨੂੰ ਬਹੁਤ ਜ਼ਰੂਰੀ ਸੰਪਰਕ ਮਿਲਿਆ।”
ਉਨ੍ਹਾਂ ਕਿਹਾ ਕਿ ਖ਼ਰਾਬ ਮੌਸਮ ਅਤੇ ਤਾਜ਼ਾ ਸਥਿਤੀਆਂ ਕਾਰਨ ਤਬਾਹ ਹੋਏ ਦੋਡਾ ਜ਼ਿਲ੍ਹੇ ਦੇ ਭੇਜਾ, ਕੁਟਯਾਰਾ ਅਤੇ ਸਰਤਿੰਗਲ ਪਿੰਡਾਂ ਨੂੰ ਫੌਜ ਵੱਲੋਂ ਰਾਸ਼ਨ , ਸੋਲਰ ਲਾਈਟਾਂ ਅਤੇ ਬਿਸਤਰਿਆਂ ਆਦਿ ਰਾਹਤ ਸਮੱਗਰੀ ਸਪਲਾਈ ਕੀਤੀ ਜਾ ਰਹੀ ਹੈ।