DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਮੂ ਕਸ਼ਮੀਰ: ਨੈਸ਼ਨਲ ਕਾਨਫਰੰਸ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ

ਜੰਮੂ/ਸ੍ਰੀਨਗਰ, 8 ਅਕਤੂਬਰ ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਨੇ ਜੰਮੂ ਕਸ਼ਮੀਰ ਅਸੈਂਬਲੀ ਦੀਆਂ 90 ਸੀਟਾਂ ਲਈ ਅੱਜ ਐਲਾਨੇ ਨਤੀਜਿਆਂ ਵਿਚ 48 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਫ਼ਾਰੂਕ ਅਬਦੁੱਲਾ ਦੀ ਅਗਵਾਈ ਵਾਲੀ ਪਾਰਟੀ 42 ਸੀਟਾਂ ਜਿੱਤ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਸਭ...
  • fb
  • twitter
  • whatsapp
  • whatsapp
Advertisement

ਜੰਮੂ/ਸ੍ਰੀਨਗਰ, 8 ਅਕਤੂਬਰ

ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਨੇ ਜੰਮੂ ਕਸ਼ਮੀਰ ਅਸੈਂਬਲੀ ਦੀਆਂ 90 ਸੀਟਾਂ ਲਈ ਅੱਜ ਐਲਾਨੇ ਨਤੀਜਿਆਂ ਵਿਚ 48 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਫ਼ਾਰੂਕ ਅਬਦੁੱਲਾ ਦੀ ਅਗਵਾਈ ਵਾਲੀ ਪਾਰਟੀ 42 ਸੀਟਾਂ ਜਿੱਤ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਸਭ ਤੋਂ ਵੱਡੀ ਇਕਹਿਰੀ ਪਾਰਟੀ ਵਜੋਂ ਉਭਰੀ ਹੈ। ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਗੰਦਰਬਲ ਤੇ ਬਡਗਾਮ ਦੋਵਾਂ ਹਲਕਿਆਂ ਤੋਂ ਚੋਣ ਜਿੱਤ ਗਏ। ਕਾਂਗਰਸ ਦੇ ਹਿੱਸੇ 6 ਸੀਟਾਂ ਆਈਆਂ, ਜਿਨ੍ਹਾਂ ਵਿਚੋਂ ਪੰਜ ਵਾਦੀ ਤੇ ਇਕ ਸੀਟ ਜੰਮੂ ਖਿੱਤੇ ਦੀ ਹੈ। ਉਧਰ ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ ਨੌਸ਼ਹਿਰਾ ਹਲਕੇ ਤੋਂ ਚੋਣ ਹਾਰ ਗਏ ਪਰ ਭਾਜਪਾ 29 ਸੀਟਾਂ ਨਾਲ ਜੰਮੂ ਦੇ ਆਪਣੇ ਮਜ਼ਬੂਤ ਗੜ੍ਹ ਨੂੰ ਬਚਾਉਣ ਵਿਚ ਕਾਮਯਾਬ ਰਹੀ ਹੈ। ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਅਗਵਾਈ ਵਾਲੀ ਪੀਡੀਪੀ ਨੇ ਤਿੰਨ ਸੀਟਾਂ ਜਿੱਤੀਆਂ। ਮੁਫ਼ਤੀ ਦੀ ਧੀ ਇਲਤਿਜਾ ਮੁਫ਼ਤੀ ਹਾਲਾਂਕਿ ਬਿਜਬੇਹੜਾ ਤੋਂ ਚੋਣ ਹਾਰ ਗਈ। ਸੀਪੀਆਈ(ਐੱਮ) ਆਗੂ ਐੱਮਵਾਈ ਤਾਰੀਗਾਮੀ ਲਗਾਤਾਰ ਪੰਜਵੀਂ ਵਾਰ ਕੁਲਗਾਮ ਸੀਟ ਤੋਂ ਜੇਤੂ ਰਹੇ। ਸੱਤ ਆਜ਼ਾਦ ਉਮੀਦਵਾਰ ਵੀ ਚੋਣ ਜਿੱਤ ਗਏ। ਆਮ ਆਦਮੀ ਪਾਰਟੀ ਨੇ ਡੋਡਾ ਸੀਟ ਜਿੱਤ ਕੇ ਜੰਮੂ ਕਸ਼ਮੀਰ ਵਿਚ ਆਪਣ ਖਾਤਾ ਖੋਲ੍ਹਿਆ। ਭਾਜਪਾ ਉਮੀਦਵਾਰ ਦੇਵੇਂਦਰ ਰਾਣਾ ਨਗਰੋਟਾ ਹਲਕੇ ਤੋਂ ਸਭ ਤੋਂ ਵੱਡੇ ਫ਼ਰਕ ਨਾਲ ਜੇਤੂ ਰਹੇ ਜਦੋਂਕਿ ਪੀਡੀਪੀ ਦੇ ਤਰਾਲ ਤੋਂ ਉਮੀਦਵਾਰ ਰਫ਼ੀਕ ਅਹਿਮਦ ਨਾਇਕ ਨੇ ਸਭ ਤੋਂ ਘੱਟ ਫ਼ਰਕ ਨਾਲ ਜਿੱਤ ਦਰਜ ਕੀਤੀ। ਰਾਣਾ ਜਿੱਥੇ 30,472 ਵੋਟਾਂ ਦੇ ਅੰਤਰ ਨਾਲ ਜਿੱਤੇ, ਉਥੇ ਨਾਇਕ ਦਾ ਫ਼ਰਕ ਮਹਿਜ਼ 460 ਵੋਟਾਂ ਦਾ ਸੀ। ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਲੋਨ ਸਣੇ ਪੰਜ ਉਮੀਦਵਾਰ ਅਜਿਹੇ ਸਨ, ਜਿਨ੍ਹਾਂ ਦੀ ਜਿੱਤ ਦਾ ਫ਼ਰਕ 1000 ਵੋਟਾਂ ਤੋਂ ਵੀ ਘੱਟ ਸੀ। ਸੱਜਾਦ ਲੋਨ ਆਪਣੇ ਪਰਿਵਾਰ ਦਾ ਗੜ੍ਹ ਕਹੀ ਜਾਂਦੀ ਹੰਦਵਾੜਾ ਸੀਟ 662 ਵੋਟਾਂ ਨਾਲ ਜਿੱਤਣ ਵਿਚ ਕਾਮਯਾਬ ਰਹੇ। ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ ਨੌਸ਼ਹਿਰਾ ਅਸੈਂਬਲੀ ਹਲਕੇ ਤੋਂ ਚੋਣ ਹਾਰ ਗਏ, ਹਾਲਾਂਕਿ ਉਨ੍ਹਾਂ ਦੀ ਅਗਵਾਈ ’ਚ ਪਾਰਟੀ ਨੇ 29 ਸੀਟਾਂ ਜਿੱਤ ਕੇ ਜੰਮੂ ਕਸ਼ਮੀਰ ਅਸੈਂਬਲੀ ਚੋਣਾਂ ਵਿਚ ਹੁਣ ਤੱਕ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਰੈਨਾ ਨੇ ਕਿਹਾ, ‘ਮੈਂ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਕਰਦਾ ਹਾਂ। ਮੈਂ ਉਨ੍ਹਾਂ ਵੱਲੋਂ ਦਿੱਤੀ ਹਮਾਇਤ ਲਈ ਧੰਨਵਾਦ ਕਰਦਾ ਹਾਂ।’ ਰੈਨਾ ਨੈਸ਼ਨਲ ਕਾਨਫਰੰਸ ਦੇ ਸੁਰਿੰਦਰ ਚੌਧਰੀ ਤੋਂ 7819 ਵੋਟਾਂ ਦੇ ਫ਼ਰਕ ਨਾਲ ਹਾਰ ਗਏ। ਰੈਨਾ 10 ਸਾਲ ਪਹਿਲਾਂ ਨੌਸ਼ਹਿਰਾ ਤੋਂ ਵਿਧਾਇਕ ਚੁਣੇ ਗਏ ਸਨ ਜਦੋਂਕਿ ਉਸ ਤੋਂ ਪਹਿਲਾਂ ਇਸ ਸੀਟ ਨੂੰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਸੀ।

Advertisement

ਅਸੈਂਬਲੀ ਚੋਣਾਂ ਵਿਚ ਕਾਂਗਰਸ ਦੀ ਆਪਣੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਇਹ ਹੁਣ ਤੱਕ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ ਹੈ। ਪਾਰਟੀ ਜੰਮੂ ਖਿੱਤੇ ਵਿਚ ਖੜ੍ਹੇ ਕੀਤੇ 29 ਉਮੀਦਵਾਰਾਂ ਵਿਚੋਂ ਸਿਰਫ਼ ਰਾਜੌਰੀ ਦੀ ਇਕ ਸੀਟ ਜਿੱਤਣ ਵਿਚ ਸਫ਼ਲ ਰਹੀ ਹੈ। 2014 ਵਿਚ ਕਾਂਗਰਸ ਨੇ ਇਥੋਂ ਕੁੱਲ ਪੰਜ ਸੀਟਾਂ ਜਿੱਤੀਆਂ ਸਨ। ਕਾਂਗਰਸ ਦੇ ਇਫ਼ਤਿਕਾਰ ਅਹਿਮਦ ਨੇ ਭਾਜਪਾ ਦੇ ਵਿਬੋਧ ਗੁਪਤਾ ਨੂੰ 1404 ਵੋਟਾਂ ਦ ਫ਼ਰਕ ਨਾਲ ਮਾਤ ਦਿੱਤੀ। ਪਾਰਟੀ ਦੇ ਕਈ ਪ੍ਰਮੁੱਖ ਆਗੂ, ਜਿਨ੍ਹਾਂ ਵਿਚ ਦੋ ਕਾਰਜਕਾਰੀ ਪ੍ਰਧਾਨ ਵੀ ਹਨ, ਚੋਣ ਹਾਰ ਗਏ। ਕਾਂਗਰਸ ਨੇ ਅਸੈਂਬਲੀ ਚੋਣਾਂ ਵਿਚ ਨੈਸ਼ਨਲ ਕਾਨਫਰੰਸ ਨਾਲ ਗੱਠਜੋੜ ਤਹਿਤ 32 ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ਵਿਚੋਂ ਬਹੁਤੇ ਜੰਮੂ ਖਿੱਤੇ ਵਿਚ ਸਨ। ਨੈਸ਼ਨਲ ਕਾਨਫਰੰਸ ਦੇ ਉਮੀਦਵਾਰਾਂ ਦੀ ਗਿਣਤੀ 51 ਸੀ। ਕਾਂਗਰਸ ਕਸ਼ਮੀਰ ਵਿਚ ਬਾਂਦੀਪੋਰਾ ਤੇ ਅਨੰਤਨਾਗ ਸਣੇ ਪੰਜ ਸੀਟਾਂ ਹੀ ਜਿੱਤ ਸਕੀ। ਸਾਬਕਾ ਮੰਤਰੀ ਪੀਰਜ਼ਾਦਾ ਮੁਹੰਮਦ ਸੱਯਦ ਨੇ ਅਨੰਤਨਾਗ ਤੇ ਸਾਬਕਾ ਵਿਧਾੲਕਿ ਨਿਜ਼ਾਮਉੱਦਦੀਨ ਭੱਟ ਨੇ ਬਾਂਦੀਪੋਰਾ ਤੋਂ ਜਿੱਤ ਦਰਜ ਕੀਤੀ। ਸੀਪੀਆਈ(ਐੱਮ) ਆਗੂ ਐੱਮਵਾਈ ਤਾਰੀਗਾਮੀ ਲਗਾਤਾਰ ਪੰਜਵੀਂ ਵਾਰ ਕੁਲਗਾਮ ਸੀਟ ਤੋਂ ਜੇਤੂ ਰਹੇ। ਉਨ੍ਹਾਂ ਪਾਬੰਦੀਸ਼ੁਦਾ ਜਮਾਤ-ਏ-ਇਸਲਾਮੀ ਦੇ ਮੈਂਬਰ ਸਯਾਰ ਅਹਿਮਦ ਰੇਸ਼ੀ ਨੂੰ 7800 ਵੋਟਾਂ ਨਾਲ ਹਰਾਇਆ। ਤਾਰੀਗਾਮੀ ਨੂੰ ਕੁੱਲ 33,634 ਵੋਟਾਂ ਪਈਆਂ। ਸੀਪੀਐੱਮ ਆਗੂ 1996 ਤੋਂ ਲਗਾਤਾਰ ਇਹ ਸੀਟ ਜਿੱਤਦਾ ਆ ਰਿਹਾ ਹੈ। ਇਸ ਦੌਰਾਨ ਪੀਡੀਪੀ ਆਗੂ ਇਲਤਿਜਾ ਮੁਫ਼ਤੀ ਦੱਖਣੀ ਕਸ਼ਮੀਰ ਦੀ ਬਿਜਬੇਹੜਾ ਸੀਟ ਤੋਂ ਚੋਣ ਚਾਰ ਗਈ। -ਪੀਟੀਆਈ

ਨੈਸ਼ਨਲ ਕਾਨਫਰੰਸ ਮੁਖੀ ਫਾਰੂਕ ਅਬਦੁੱਲਾ ਅਸੈਂਬਲੀ ਚੋਣਾਂ ’ਚ ਜੇਤੂ ਰਹੇ ਪਾਰਟੀ ਉਮੀਦਵਾਰ ਤਨਵੀਰ ਸਦੀਕ ਨਾਲ। (ਵਿਚਾਲੇ )ਆਵਾਮੀ ਇਤਿਹਾਦ ਪਾਰਟੀ ਦਾ ਉਮੀਦਵਾਰ ਖੁਰਸ਼ੀਦ ਅਹਿਮਦ ਜਿੱਤ ਦਾ ਸਰਟੀਫਿਕੇਟ ਦਿਖਾਉਂਦਾ ਹੋਇਆ। (ਸੱਜੇ) ਡੋਡਾ ਤੋਂ ‘ਆਪ’ ਦੀ ਟਿਕਟ ’ਤੇ ਚੋਣ ਜਿੱਤਣ ਵਾਲਾ ਮਹਿਰਾਜ ਮਲਿਕ ਗੱਲਬਾਤ ਕਰਦਾ ਹੋਇਆ। -ਫੋਟੋਆਂ: ਪੀਟੀਆਈ

‘ਆਪ’ ਦਾ ਪੰਜਵੇਂ ਰਾਜ ’ਚ ਖਾਤਾ ਖੁੱਲਿਆ: ਕੇਜਰੀਵਾਲ

ਨਵੀਂ ਦਿੱਲੀ: ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜੰਮੂ ਕਸ਼ਮੀਰ ਦੀ ਡੋਡਾ ਅਸੈਂਬਲੀ ਸੀਟ ’ਤੇ ਪਾਰਟੀ ਉਮੀਦਵਾਰ ਨੂੰ ਮਿਲੀ ਜਿੱਤ ਲਈ ਪਾਰਟੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਹੁਣ ਪੰਜਵੇਂ ਰਾਜ ਵਿਚ ਖਾਤਾ ਖੁੱਲ੍ਹਿਆ ਹੈ। ‘ਆਪ’ ਉਮੀਦਵਾਰ ਤੇ ਡਿਸਟ੍ਰਿਕਟ ਡਿਵੈਲਪਮੈਂਟ ਕੌਂਸਲ (ਡੀਡੀਸੀ) ਦੇ ਮੈਂਬਰ ਮਹਿਰਾਜ ਮਲਿਕ ਨੇ ਡੋਡਾ ਅਸੈਂਬਲੀ ਹਲਕੇ ਵਿਚ ਭਾਜਪਾ ਦੇ ਗਜੈ ਸਿੰਘ ਰਾਣਾ ਨੂੰ 4538 ਵੋਟਾਂ ਦੇ ਫ਼ਰਕ ਨਾਲ ਹਰਾਇਆ। ਕੇਜਰੀਵਾਲ ਨੇ ਐਕਸ ’ਤੇ ਪੋਸਟ ਵਿਚ ਕਿਹਾ, ‘ਡੋਡਾ ਤੋਂ ‘ਆਪ’ ਉਮੀਦਵਾਰ ਮਹਿਰਾਜ ਮਲਿਕ ਨੂੰ ਭਾਜਪਾ ਖਿਲਾਫ਼ ਮਿਲੀ ਸ਼ਾਨਦਾਰ ਜਿੱਤ ਲਈ ਬਹੁਤ ਬਹੁਤ ਵਧਾਈ। ਤੁਸੀਂ ਬਹੁਤ ਵਧੀਆ ਚੋਣ ਲੜੀ। ਪੰਜਵੇਂ ਰਾਜ ਵਿਚ ਵਿਧਾਇਕ ਬਣਨ ਲਈ ਪੂਰੀ ਪਾਰਟੀ ਨੂੰ ਵਧਾਈ।’ ਆਮ ਆਦਮੀ ਪਾਰਟੀ, ਜਿਸ ਦੀਆਂ ਦਿੱਲੀ ਤੇ ਪੰਜਾਬ ਵਿਚ ਸਰਕਾਰਾਂ ਹਨ, ਦੇ ਗੁਜਰਾਤ ਤੇ ਗੋਆ ਵਿਚ ਵੀ ਵਿਧਾਇਕ ਹਨ। ਸੀਨੀਅਰ ਪਾਰਟੀ ਆਗੂ ਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਮਲਿਕ ਦੀ ਜਿੱਤ ਨਾਲ ਅਰਵਿੰਦ ਕੇਜਰੀਵਾਲ ਦਾ ‘ਇਨਕਲਾਬ’ ਜੰਮੂ ਕਸ਼ਮੀਰ ਤੱਕ ਪਹੁੰਚ ਗਿਆ ਹੈ। ਪਾਰਟੀ ਆਗੂਆਂ ਤੇ ਵਰਕਰਾਂ ਨੇ ਡੋਡਾ ਵਿਚ ਮਿਲੀ ਜਿੱਤ ਦਾ ਇਥੇ ਮੰਡੀ ਹਾਊਸ ਨੇੜੇ ‘ਆਪ’ ਹੈੱਡਕੁਆਰਟਰ ’ਤੇ ਮਠਿਆਈਆਂ ਵੰਡ ਕੇ ਤੇ ਢੋਲ ਢਮੱਕੇ ਨਾਲ ਜਸ਼ਨ ਮਨਾਇਆ। -ਪੀਟੀਆਈ

ਜੰਮੂ ਕਸ਼ਮੀਰ ’ਚ ਜਮਹੂਰੀਅਤ ਦੀ ਜਿੱਤ: ਮੁੱਖ ਚੋਣ ਕਮਿਸ਼ਨਰ

ਨਵੀਂ ਦਿੱਲੀ: ਮੁੱਖ ਚੋਣ ਕਮਿਸ਼ਨ ਰਾਜੀਵ ਕੁਮਾਰ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਚੋਣ ਪ੍ਰਕਿਰਿਆ ਸ਼ਾਂਤੀ ਪੂਰਨ ਢੰਗ ਨਾਲ ਮੁਕੰਮਲ ਹੋਣਾ ਜਮਹੂਰੀ ਭਾਵਨਾ ਦੀ ਜਿੱਤ ਹੈ। ਉਨ੍ਹਾਂ ਕਿਹਾ, ‘ਜਮਹੂਰੀਅਤ ਨੂੰ ਗਲੇ ਲਾਉਣ ਦਾ ਉਨ੍ਹਾਂ ਦਾ (ਜੰਮੂ ਕਸ਼ਮੀਰ ਦੇ ਲੋਕਾਂ ਦਾ) ਇਸ਼ਾਰਾ ਇਸ ਦੀ ਨੀਂਹ ਨੂੰ ਮਜ਼ਬੂਤ ਕਰਦਾ ਹੈ ਅਤੇ ਹੁਣ ਇਹ ਮੁੜ ਤੋਂ ਇੱਕ ਜਮਹੂਰੀ ਯਾਤਰਾ ਨੂੰ ਹੋਰ ਵੱਧ ਉਚਾਈਆਂ ਤੱਕ ਲਿਜਾਣ ਦਾ ਕੰਮ ਹੈ।’ -ਪੀਟੀਆਈ

ਫੈਸਲਾਕੁਨ ਫ਼ਤਵੇ ਤੋਂ ਸਬਕ ਸਿੱਖੇ ਕੇਂਦਰ: ਮਹਿਬੂਬਾ

ਸ੍ਰੀਨਗਰ: ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਕੇਂਦਰ ਸਰਕਾਰ ਜੰਮੂ ਕਸ਼ਮੀਰ ਅਸੈਂਬਲੀ ਚੋਣਾਂ ਦੇ ਫੈਸਲਾਕੁਨ ਫ਼ਤਵੇ ਤੋਂ ਸਬਕ ਸਿੱਖੇ ਤੇ ਅਗਾਮੀ ਨੈਸ਼ਨਲ ਕਾਨਫਰੰਸ-ਕਾਂਗਰਸ ਸਰਕਾਰ ਦੇ ਮਾਮਲਿਆਂ ਵਿਚ ‘ਦਖ਼ਲ’ ਨਾ ਦੇਵੇ। ਉਨ੍ਹਾਂ ਚੋਣਾਂ ਵਿਚ ਮਿਲੀ ਸ਼ਾਨਦਾਰ ਜਿੱਤ ਲਈ ਨੈਸ਼ਨਲ ਕਾਨਫਰੰਸ ਨੂੰ ਵਧਾਈ ਦਿੱਤੀ। ਮੁਫ਼ਤੀ ਨੇ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਪਾਰਟੀ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। -ਪੀਟੀਆਈ

ਉਮਰ ਅਗਲੇ ਮੁੱਖ ਮੰਤਰੀ ਹੋਣਗੇ: ਫਾਰੂਕ ਅਬਦੁੱਲਾ

ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਨੇ ਅੱਜ ਐਲਾਨ ਕੀਤਾ ਕਿ ਉਮਰ ਅਬਦੁੱਲਾ ਜੰਮੂ ਕਸ਼ਮੀਰ ਦੇ ਅਗਲੇ ਮੁੱਖ ਮੰਤਰੀ ਹੋਣਗੇ। ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਨੂੰ ਅਸੈਂਬਲੀ ਚੋਣਾਂ ਵਿਚ ਮਿਲੀ ਜਿੱਤ ਮਗਰੋਂ ਪੱਤਰਕਾਰਾਂ ਨੇ ਜਦੋਂ ਸਵਾਲ ਕੀਤਾ ਕਿ ਗੱਠਜੋੜ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ ਤਾਂ ਸੀਨੀਅਰ ਅਬਦੁੱਲਾ ਨੇ ਕਿਹਾ, ‘ਉਮਰ ਅਬਦੁੱਲਾ ਮੁੱਖ ਮੰਤਰੀ ਹੋਣਗੇ।’ ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਦਿੱਤਾ ਫਤਵਾ ਸਬੂਤ ਹੈ ਕਿ ਜੰਮੂ ਕਸ਼ਮੀਰ ਦੇ ਲੋਕ ਧਾਰਾ 370 ਮਨਸੂਖ ਕਰਨ ਦੇ ਖਿਲਾਫ਼ ਸਨ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘ਮੈਂ ਚੋਣਾਂ ਵਿਚ ਸ਼ਮੂਲੀਅਤ ਲਈ ਲੋਕਾਂ ਦਾ ਧੰਨਵਾਦ ਕਰਦਾ ਹਾਂ। ਮੈਂ ਇਨ੍ਹਾਂ ਨਤੀਜਿਆਂ ਲਈ ਅੱਲ੍ਹਾ ਦਾ ਵੀ ਸ਼ੁਕਰੀਆ ਅਦਾ ਕਰਦਾ ਹਾਂ।’ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਚੁਣੀ ਹੋਈ ਸਰਕਾਰ ਨੂੰ ਲੋਕਾਂ ਦੀਆਂ ‘ਦੁੱਖ ਤਕਲੀਫ਼ਾਂ’ ਖ਼ਤਮ ਕਰਨ ਲਈ ਬਹੁਤ ਕੰਮ ਕਰਨਾ ਹੋਵੇਗਾ। -ਪੀਟੀਆਈ

Advertisement
×