ਜੰਮੂ ਕਸ਼ਮੀਰ: ਹਰੇਕ ਪਰਿਵਾਰ ਦੀ ਬਣਾਈ ਜਾਵੇਗੀ ਵਿਸ਼ੇਸ਼ ਪਰਿਵਾਰਕ ਪਛਾਣ
ਸ੍ਰੀਨਗਰ, 29 ਜੂਨ
ਜੰਮੂ ਕਸ਼ਮੀਰ ਸਰਕਾਰ ਦੀਆਂ ਜਨਤਕ ਸੇਵਾਵਾਂ ਵਿਵਸਥਿਤ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਹਰੇਕ ਪਰਿਵਾਰ ਵਾਸਤੇ ਇਕ ਵਿਸ਼ੇਸ਼ ਪਰਿਵਾਰਕ ਪਛਾਣ ਬਣਾਉਣ ਦੀ ਯੋਜਨਾ ਹੈ। ਅਧਿਕਾਰੀਆਂ ਨੇ ਅੱਜ ਕਿਹਾ ਕਿ ਇਹ ਪਹਿਲ ਲਾਭਪਾਤਰੀਆਂ ਤੱਕ ਪਹੁੰਚ ਦਾ ਦਾਇਰਾ ਵੀ ਵਧਾਏਗੀ ਅਤੇ ਸਰਕਾਰੀ ਵਿਭਾਗਾਂ ਵਿੱਚ ਯੋਜਨਾਬੰਦੀ ਤੇ ਨਿਗਰਾਨੀ ਲਈ ਏਕੀਕ੍ਰਿਤ ਸਰੋਤ ਦੇ ਰੂਪ ਵਿੱਚ ਕੰਮ ਕਰੇਗੀ।
ਅਧਿਕਾਰੀਆਂ ਨੇ ਕਿਹਾ ਕਿ ਮੁੱਖ ਸਕੱਤਰ ਅਟਲ ਡੁੱਲੂ ਨੇ ਸ਼ਨਿਚਰਵਾਰ ਨੂੰ ਇਸ ਸਬੰਧ ਵਿੱਚ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੁੱਖ ਸਕੱਤਰ ਨੇ ਪਰਿਵਾਰਕ ਪਛਾਣ ਪੱਤਰ ਪ੍ਰਣਾਲੀ ਦੀ ਅਹਿਮੀਅਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਪਛਾਣ ਪੱਤਰਾਂ ਦੇ ਬਣਨ ਨਾਲ ਜਨਤਾ ਨੂੰ ਲਾਭਪਾਤਰੀ ਆਧਾਰਿਤ ਯੋਜਨਾਵਾਂ ਦੀ ਲੋਕਪ੍ਰਿਯਤਾ ਬਾਰੇ ਕੀਮਤੀ ਜਾਣਕਾਰੀ ਮਿਲੇਗੀ ਅਤੇ ਇਹ ਯਕੀਨੀ ਹੋਵੇਗਾ ਕਿ ਹਰੇਕ ਯੋਗ ਵਿਅਕਤੀ ਨੂੰ ਉਸ ਦੇ ਹੱਕ ਦਾ ਲਾਭ ਮਿਲੇ। ਡੁੱਲੂ ਨੇ ਕਿਹਾ, ‘‘ਇਹ ਵਧੇਰੇ ਜਵਾਬਦੇਹ ਅਤੇ ਜ਼ਿੰਮੇਵਾਰ ਪ੍ਰਸ਼ਾਸਨ ਨੂੰ ਬੜ੍ਹਾਵਾ ਦੇਣ ਦੀ ਦਿਸ਼ਾ ਵਿੱਚ ਇਕ ਅਹਿਮ ਕਦਮ ਹੈ।’’
ਅਧਿਕਾਰੀਆਂ ਨੇ ਕਿਹਾ ਕਿ ਚਰਚਾ ਦੌਰਾਨ ਜਿਨ੍ਹਾਂ ਚੁਣੌਤੀਆਂ ਬਾਰੇ ਚਰਚਾ ਕੀਤੀ ਗਈ ਉਨ੍ਹਾਂ ’ਚੋਂ ਇਕ ਇਹ ਸੀ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਲਾਭ ਦੇਣ ਵਾਸਤੇ ਲੋਕਾਂ ਕੋਲੋਂ ਵਾਰ-ਵਾਰ ਉਹੀ ਦਸਤਾਵੇਜ਼ ਮੰਗੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਇਕ ਹੀ ਤਰ੍ਹਾਂ ਦੀ ਪ੍ਰਕਿਰਿਆ ’ਚੋਂ ਲੰਘਣਾ ਪੈਂਦਾ ਹੈ। ਉਨ੍ਹਾਂ ਕਿਹਾ, ‘‘ਇਸ ਨਾਲ ਨਾ ਸਿਰਫ਼ ਲੋਕਾਂ ’ਤੇ ਅਣਉਚਿਤ ਬੋਝ ਪੈਂਦਾ ਹੈ ਬਲਕਿ ਸਰਕਾਰੀ ਸਰੋਤਾਂ ’ਤੇ ਵੀ ਦਬਾਅ ਪੈਂਦਾ ਹੈ। ਪਰਿਵਾਰ ਪਛਾਣ ਪੱਤਰ ਸੂਚਨਾ ਦੇ ਇਕਮਾਤਰ, ਅਧਿਕਾਰਤ ਸਰੋਤ ਦੇ ਰੂਪ ਵਿੱਚ ਹਰੇਕ ਸਮੱਸਿਆ ਦਾ ਹੱਲ ਕਰੇਗਾ, ਜਿਸ ਨਾਲ ਅੜਿੱਕਿਆਂ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕੇਗਾ।’’ -ਪੀਟੀਆਈ