ਜੰਮੂ ਕਸ਼ਮੀਰ ਜ਼ਿਮਨੀ ਚੋਣਾਂ: ਕਾਂਗਰਸ ਨੇ ਨਗਰੋਟਾ ਸੀਟ ਨੈਸ਼ਨਲ ਕਾਨਫਰੰਸ ਲਈ ਛੱਡੀ
J-K bypolls ਕਾਂਗਰਸ ਨੇ ਜੰਮੂ-ਕਸ਼ਮੀਰ ਵਿੱਚ ਨਗਰੋਟਾ ਵਿਧਾਨ ਸਭਾ ਉਪ-ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ, ਹਾਲਾਂਕਿ ਨੈਸ਼ਨਲ ਕਾਨਫਰੰਸ ਨੇ ਉਸ ਨੂੰ ਸੀਟ ਦੀ ਪੇਸ਼ਕਸ਼ ਕੀਤੀ ਹੈ। ਦੋਵੇਂ ਗੱਠਜੋੜ ਭਾਈਵਾਲਾਂ ਨੇ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਇਕੱਠੀਆਂ ਲੜੀਆਂ ਸਨ ਪਰ...
J-K bypolls ਕਾਂਗਰਸ ਨੇ ਜੰਮੂ-ਕਸ਼ਮੀਰ ਵਿੱਚ ਨਗਰੋਟਾ ਵਿਧਾਨ ਸਭਾ ਉਪ-ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ, ਹਾਲਾਂਕਿ ਨੈਸ਼ਨਲ ਕਾਨਫਰੰਸ ਨੇ ਉਸ ਨੂੰ ਸੀਟ ਦੀ ਪੇਸ਼ਕਸ਼ ਕੀਤੀ ਹੈ। ਦੋਵੇਂ ਗੱਠਜੋੜ ਭਾਈਵਾਲਾਂ ਨੇ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਇਕੱਠੀਆਂ ਲੜੀਆਂ ਸਨ ਪਰ ਨੈਸ਼ਨਲ ਕਾਨਫਰੰਸ (ਐਨਸੀ) ਵੱਲੋਂ ਰਾਜ ਸਭਾ ਚੋਣਾਂ ਲਈ ਕਾਂਗਰਸ ਨੂੰ ਸੁਰੱਖਿਅਤ ਸੀਟ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਗੱਠਜੋੜ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਚਾਰ ਰਾਜ ਸਭਾ ਸੀਟਾਂ ਲਈ ਚੋਣਾਂ 24 ਅਕਤੂਬਰ ਨੂੰ ਹੋਣਗੀਆਂ। ਨਗਰੋਟਾ ਅਤੇ ਬਡਗਾਮ ਵਿਧਾਨ ਸਭਾ ਹਲਕਿਆਂ ਲਈ 11 ਨਵੰਬਰ ਨੂੰ ਜ਼ਿਮਨੀ ਚੋਣਾਂ ਹੋਣੀਆਂ ਹਨ।
ਪਿਛਲੇ ਸਾਲ 31 ਅਕਤੂਬਰ ਨੂੰ ਭਾਜਪਾ ਵਿਧਾਇਕ ਦੇਵੇਂਦਰ ਸਿੰਘ ਰਾਣਾ ਦੇ ਦੇਹਾਂਤ ਕਾਰਨ ਨਗਰੋਟਾ ਵਿੱਚ ਜ਼ਿਮਨੀ ਚੋਣ ਦੀ ਲੋੜ ਪਈ ਸੀ, ਜਦੋਂ ਕਿ ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਦੋ ਵਿਧਾਨ ਸਭਾ ਸੀਟਾਂ ਜਿੱਤਣ ਤੋਂ ਬਾਅਦ ਆਪਣੇ ਪਰਿਵਾਰ ਦੇ ਗੜ੍ਹ- ਗਾਂਦਰਬਲ ਨੂੰ ਬਰਕਰਾਰ ਰੱਖਣ ਤੋਂ ਬਾਅਦ ਬਡਗਾਮ ਸੀਟ ਖਾਲੀ ਹੋ ਗਈ ਸੀ।
ਜੰਮੂ ਅਤੇ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ (ਜੇਕੇਪੀਸੀਸੀ) ਦੇ ਮੁੱਖ ਬੁਲਾਰੇ ਰਵਿੰਦਰ ਸ਼ਰਮਾ ਨੇ ਇੱਕ ਬਿਆਨ ਵਿੱਚ ਕਿਹਾ, ‘‘ਕਾਂਗਰਸ ਨੇ ਭਾਜਪਾ ਨੂੰ ਹਰਾਉਣ ਦੇ ਵੱਡੇ ਹਿੱਤਾਂ ਅਤੇ ਟੀਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਨਗਰੋਟਾ ਵਿਧਾਨ ਸਭਾ ਸੀਟ ਆਪਣੀ ਸਹਿਯੋਗੀ ਨੈਸ਼ਨਲ ਕਾਨਫਰੰਸ ਨੂੰ ਛੱਡਣ ਦਾ ਫੈਸਲਾ ਕੀਤਾ ਹੈ।’’
ਰਾਜ ਸਭਾ ਚੋਣਾਂ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਨਾਲ ਵੱਖਰੇਵਿਆਂ ਨੂੰ ਘੱਟ ਕਰਦੇ ਹੋਏ, ਨੈਸ਼ਨਲ ਕਾਨਫਰੰਸ ਦੇ ਉਪ-ਪ੍ਰਧਾਨ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀਰਵਾਰ ਨੂੰ ਕਿਹਾ ਕਿ ‘ਜੇਕਰ ਕਾਂਗਰਸ ਕੋਲ ਨਗਰੋਟਾ ਲਈ ਇੱਕ ਬਿਹਤਰ ਉਮੀਦਵਾਰ ਹੈ, ਤਾਂ ਅਸੀਂ ਸਮਝੌਤਾ ਕਰਨ ਲਈ ਤਿਆਰ ਹਾਂ (ਕਾਂਗਰਸ ਦਾ ਸਮਰਥਨ ਕਰਕੇ ਅਤੇ ਚੋਣ ਨਾ ਲੜ ਕੇ)। ਸਾਨੂੰ ਕੋਈ ਇਤਰਾਜ਼ ਨਹੀਂ ਹੈ।’’
ਸ਼ਰਮਾ ਨੇ ਕਿਹਾ ਕਿ ਇਹ ਫੈਸਲਾ ਜੇਕੇਪੀਸੀਸੀ ਦੀ ਰਿਪੋਰਟ ’ਤੇ ਵਿਸਤਾਰਤ ਵਿਚਾਰ-ਵਟਾਂਦਰੇ ਤੋਂ ਬਾਅਦ ਅਤੇ ਕਈ ਪੱਖਾਂ ’ਤੇ ਵਿਚਾਰ ਕਰਨ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਨੈਸ਼ਨਲ ਕਾਨਫਰੰਸ 2024 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਗਰੋਟਾ ਵਿੱਚ ਦੂਜੇ ਸਥਾਨ ’ਤੇ ਰਹੀ ਸੀ।
ਨੈਸ਼ਨਲ ਕਾਨਫਰੰਸ ਨੇ ਐਤਵਾਰ ਨੂੰ ਬਡਗਾਮ ਲਈ ਪਾਰਟੀ ਦੇ ਸੀਨੀਅਰ ਆਗੂ ਆਗਾ ਸਈਦ ਮਹਿਮੂਦ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ। ਅੱਜ (ਸੋਮਵਾਰ) ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ ਹੈ। ਨਾਮਜ਼ਦਗੀਆਂ ਦੀ ਪੜਤਾਲ 22 ਅਕਤੂਬਰ ਤੱਕ ਕੀਤੀ ਜਾਵੇਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 24 ਅਕਤੂਬਰ ਹੈ।
ਭਾਜਪਾ ਨੇ ਦੇਵੇਂਦਰ ਸਿੰਘ ਰਾਣਾ ਦੀ ਧੀ ਦੇਵਯਾਨੀ ਰਾਣਾ ਨੂੰ ਨਗਰੋਟਾ ਤੋਂ ਮੈਦਾਨ ਵਿੱਚ ਉਤਾਰਿਆ ਹੈ। ਦੇਵਯਾਨੀ ਨੇ ਜੇਕੇਐਨਪੀਪੀ-1 ਦੇ ਪ੍ਰਧਾਨ ਹਰਸ਼ ਦੇਵ ਸਿੰਘ ਨਾਲ ਸ਼ਨਿੱਚਰਵਾਰ ਨੂੰ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਦੇਵੇਂਦਰ ਸਿੰਘ ਰਾਣਾ ਨੇ 2024 ਦੀਆਂ ਵਿਧਾਨ ਸਭਾ ਚੋਣਾਂ ਵਿੱਚ 30,472 ਵੋਟਾਂ ਦੇ ਰਿਕਾਰਡ ਫਰਕ ਨਾਲ ਸੀਟ ਜਿੱਤੀ ਸੀ। ਉਨ੍ਹਾਂ ਆਪਣੇ ਨਜ਼ਦੀਕੀ ਐਨਸੀ ਉਮੀਦਵਾਰ ਜੋਗਿੰਦਰ ਸਿੰਘ ਨੂੰ ਹਰਾਇਆ ਸੀ ਜਿਨ੍ਹਾਂ ਨੂੰ 17,641 ਵੋਟਾਂ ਮਿਲੀਆਂ ਸਨ। ਕਾਂਗਰਸ ਉਮੀਦਵਾਰ ਬਲਬੀਰ ਸਿੰਘ 5,979 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ ਸਨ। ਰਾਣਾ ਨੇ 2014 ਦੀਆਂ ਚੋਣਾਂ ਵਿੱਚ ਐਨਸੀ ਦੀ ਟਿਕਟ ’ਤੇ ਸੀਟ ਜਿੱਤੀ ਸੀ, ਪਰ ਬਾਅਦ ਵਿੱਚ 2021 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ।