ਵਿਦੇਸ਼ ਮਾਮਲਿਆਂ ਦੇ ਮੰਤਰੀਐੱਸ ਜੈਸ਼ੰਕਰ ਅਗਲੇ ਹਫ਼ਤੇ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਅਹਿਮ ਗੱਲਬਾਤ ਲਈ ਮਾਸਕੋ ਦਾ ਦੌਰਾ ਕਰਨਗੇ।ਰੂਸ ਤੋਂ ਕੱਚਾ ਤੇਲ ਖ਼ਰੀਦਣ ਕਾਰਨ ਭਾਰਤ ਦੇ ਅਮਰੀਕਾ ਵਿਚਾਲੇ ਚੱਲਦੇ ਤਣਾਅ ਦਰਮਿਆਨ ਇਹ ਫੇਰੀ ਅਹਿਮ ਕਹੀ ਜਾ ਸਕਦੀ ਹੈ।
ਜੈਸ਼ੰਕਰ ਦੀ ਇਹ ਯਾਤਰਾ ਕੌਮੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਦੇ ਰੂਸ ਦੌਰੇ ਅਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਕਈ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਕੁਝ ਦਿਨ ਬਾਅਦ ਹੋ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਦੋਵੇਂ ਧਿਰਾਂ ਇਸ ਸਾਲ ਦੇ ਅਖ਼ੀਰ ਵਿੱਚ ਪੂਤਿਨ ਦੀ ਭਾਰਤ ਫੇਰੀ ਦੇ ਵੱਖ-ਵੱਖ ਪਹਿਲੂਆਂ ਨੂੰ ਵੀ ਅੰਤਿਮ ਰੂਪ ਦੇ ਸਕਦੀਆਂ ਹਨ। ਰੂਸੀ ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਅਲੈਕਸੀ ਫਦੇਯੇਵ ਨੇ ਮਾਸਕੋ ਵਿੱਚ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਦੇਸ਼ ਦਫ਼ਤਰਾਂ ਦੇ ਮੁਖੀ ‘ਦੁਵੱਲੇ ਏਜੰਡੇ ਦੇ ਸਭ ਤੋਂ ਮਹੱਤਵਪੂਰਨ ਮੁੱਦਿਆਂ’ ’ਤੇ ਚਰਚਾ ਕਰਨਗੇ।
ਸੂਤਰਾਂ ਨੇ ਕਿਹਾ ਕਿ ਜੈਸ਼ੰਕਰ ਦਾ ਰੂਸ ਦੌਰਾ ਦੋ ਦਿਨਾਂ ਦਾ ਹੋਵੇਗਾ ਅਤੇ ਇਸ ਦੌਰਾਨ ਉਹ ਪੂਤਿਨ ਨਾਲ ਗੱਲਬਾਤ ਤੋਂ ਇਲਾਵਾ ਵਿਦੇਸ਼ ਮੰਤਰੀ ਲਾਵਰੋਵ ਨਾਲ ਵੀ ਵਿਆਪਕ ਮੁੱਦਿਆਂ ’ਤੇ ਚਰਚਾ ਕਰ ਸਕਦੇ ਹਨ।
ਵਿਦੇਸ਼ ਮੰਤਰੀ ਵੱਲੋਂ ਵਪਾਰ ਤੇ ਆਰਥਿਕ, ਵਿਗਿਆਨਕ-ਤਕਨੀਕੀ ਅਤੇ ਸੱਭਿਆਚਾਰਕ ਸਹਿਯੋਗ ਬਾਰੇ ਭਾਰਤ-ਰੂਸ ਅੰਤਰ-ਸਰਕਾਰੀ ਕਮਿਸ਼ਨ ਦੇ 26ਵੇਂ ਸੈਸ਼ਨ ਦੀ ਸਹਿ-ਪ੍ਰਧਾਨਗੀ ਕਰਨ ਦੀ ਵੀ ਉਮੀਦ ਹੈ।ਮਾਸਕੋ ਵਿੱਚ ਰੂਸੀ ਆਗੂਆਂ ਨਾਲ ਜੈਸ਼ੰਕਰ ਦੀਆਂ ਮੀਟਿੰਗਾਂ ਵਿੱਚ ਰੂਸ ਤੋਂ ਭਾਰਤ ਦੀ ਲਗਾਤਾਰ ਊਰਜਾ ਖ਼ਰੀਦ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸੀ ਤੇਲ ਦੀ ਲਗਾਤਾਰ ਖ਼ਰੀਦ ਕਾਰਨ ਜੁਰਮਾਨੇ ਵਜੋਂ ਭਾਰਤੀ ਵਸਤਾਂ ’ਤੇ 25 ਫੀਸਦ ਵਾਧੂ ਟੈਰਿਫ ਲਾ ਦਿੱਤਾ ਸੀ। ਇਸ ਤਰ੍ਹਾਂ ਭਾਰਤ ’ਤੇ ਕੁੱਲ ਟੈਰਿਫ 50 ਫ਼ੀਸਦ ਹੋ ਗਿਆ ਹੈ।