DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੈਸ਼ੰਕਰ-ਪੂਤਿਨ ਮੁਲਾਕਾਤ; ਦੁਵੱਲੇ ਸਬੰਧ ਮਜ਼ਬੂਤ ਕਰਨ ’ਤੇ ਚਰਚਾ

ਰੂਸੀ ਵਿਦੇਸ਼ ਮੰਤਰੀ ਲਾਵਰੋਵ ਨਾਲ ਵਪਾਰ, ਯੂਕਰੇਨ, ਅਤਿਵਾਦ ਅਤੇ ਹੋਰ ਮੁੱਦਿਆਂ ਬਾਰੇ ਕੀਤੀ ਚਰਚਾ
  • fb
  • twitter
  • whatsapp
  • whatsapp
featured-img featured-img
ਮਾਸਕੋ ’ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਮਿਲਦੇ ਹੋਏ ਐੱਸ.ਜੈਸ਼ੰਕਰ। -ਫੋਟੋ: ਏਐੱਨਆਈ
Advertisement

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇਥੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਕੀਤੀ ਤੇ ਦੋਵਾਂ ਨੇ ਰੂਸ ਤੇ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਸ੍ਰੀ ਜੈਸ਼ੰਕਰ ਨੇ ਰੂਸ ਦੇ ਹਮਰੁਤਬਾ ਸਰਗੇਈ ਲਾਵਰੋਵ ਨਾਲ ਮੁਲਕਾਤ ਕੀਤੀ। ਇਸ ਦੌਰਾਨ ਭਾਰਤੀ ਵਿਦੇਸ਼ ਮੰਤਰੀ ਨੇ ਦਾਅਵਾ ਕੀਤਾ ਕਿ ਭਾਰਤ, ਰੂਸੀ ਤੇਲ ਦਾ ਸਭ ਤੋਂ ਵੱਡਾ ਖ਼ਰੀਦਦਾਰ ਨਹੀਂ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 2022 ਤੋਂ ਬਾਅਦ ਭਾਰਤ ਦਾ ਰੂਸ ਨਾਲ ਵਪਾਰ ਵੀ ਘਟ ਗਿਆ ਹੈ। ਦੋਵੇਂ ਵਿਦੇਸ਼ ਮੰਤਰੀਆਂ ਨੇ ਯੂਕਰੇਨ, ਪੱਛਮੀ ਏਸ਼ੀਆ ਅਤੇ ਅਫ਼ਗਾਨਿਸਤਾਨ ਦੇ ਹਾਲਾਤ ਬਾਰੇ ਵੀ ਚਰਚਾ ਕੀਤੀ।

ਰੂਸੀ ਤੇਲ ਖ਼ਰੀਦਣ ਕਾਰਨ ਅਮਰੀਕਾ ਵੱਲੋਂ ਭਾਰਤੀ ਵਸਤਾਂ ’ਤੇ ਵਾਧੂ 25 ਫ਼ੀਸਦ ਟੈਰਿਫ ਲਗਾਏ ਜਾਣ ਮਗਰੋਂ ਉਕਤ ਬਿਆਨ ਨੂੰ ਕਿਸੇ ਭਾਰਤੀ ਆਗੂ ਦਾ ਪਹਿਲਾ ਜਵਾਬ ਮੰਨਿਆ ਜਾ ਰਿਹਾ ਹੈ। ਜੈਸ਼ੰਕਰ ਨੇ ਇਹ ਬਿਆਨ ਲਾਵਰੋਵ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਦਿੱਤਾ। ਉਨ੍ਹਾਂ ਕਿਹਾ, ‘‘ਅਸੀਂ ਰੂਸੀ ਤੇਲ ਦੇ ਸਭ ਤੋਂ ਵੱਡੇ ਖ਼ਰੀਦਦਾਰ ਨਹੀਂ ਹਾਂ। ਉਹ ਚੀਨ ਹੈ। ਅਸੀਂ ਰੂਸੀ ਐੱਲਐੱਨਜੀ ਦੇ ਵੀ ਸਭ ਤੋਂ ਵੱਡੇ ਖ਼ਰੀਦਦਾਰ ਨਹੀਂ ਹਾਂ। ਮੈਨੂੰ ਪੂਰਾ ਯਕੀਨ ਹੈ ਐੱਲਐੱਨਜੀ ਦਾ ਸਭ ਤੋਂ ਵੱਡਾ ਖ਼ਰੀਦਦਾਰ ਯੂਰਪੀ ਯੂਨੀਅਨ ਹੈ।’’ ਮਾਸਕੋ ਦੇ ਤਿੰਨ ਰੋਜ਼ਾ ਦੌਰੇ ’ਤੇ ਆਏ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਅਮਰੀਕਾ, ਰੂਸ ਤੋਂ ਕੱਚਾ ਤੇਲ ਖ਼ਰੀਦਣ ਲਈ ਭਾਰਤ ਦੇ ਪੱਖ ’ਚ ਸੀ ਕਿਉਂਕਿ ਇਸ ਨਾਲ ਊਰਜਾ ਬਾਜ਼ਾਰ ’ਚ ਸਥਿਰਤਾ ਆਈ ਹੈ। ਉਨ੍ਹਾਂ ਕਿਹਾ, ‘‘ਕੁਦਰਤੀ ਤੌਰ ’ਤੇ ਅਸੀਂ ਅਮਰੀਕਾ ਤੋਂ ਵੀ ਤੇਲ ਖ਼ਰੀਦਦੇ ਹਾਂ ਅਤੇ ਇਹ ਮਾਤਰਾ ਵਧਦੀ ਜਾ ਰਹੀ ਹੈ। ਇਸ ਲਈ ਸੱਚ ਆਖਾਂ ਤਾਂ ਅਸੀਂ ਤੁਹਾਡੇ (ਅਮਰੀਕਾ) ਵੱਲੋਂ ਦਿੱਤੀ ਗਈ ਦਲੀਲ ਤੋਂ ਬਹੁਤ ਹੈਰਾਨ ਹਾਂ।’’ ਇਸ ਦੌਰਾਨ ਭਾਰਤ ਅਤੇ ਰੂਸ ਨੇ ਦੁਵੱਲਾ ਵਪਾਰ ‘ਸੰਤੁਲਿਤ ਅਤੇ ਟਿਕਾਊ ਢੰਗ’ ਨਾਲ ਵਧਾਉਣ ਦਾ ਅਹਿਦ ਲਿਆ। ਜੈਸ਼ੰਕਰ ਨੇ ਲਾਵਰੋਵ ਨਾਲ ਵਾਰਤਾ ਦੌਰਾਨ ਨਾਨ-ਟੈਰਿਫ ਅਤੇ ਰੈਗੂਲੇਟਰੀ ਅੜਿੱਕਿਆਂ ਨੂੰ ਤੇਜ਼ੀ ਨਾਲ ਹੱਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਲਾਵਰੋਵ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਜੈਸ਼ੰਕਰ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਭਾਰਤ ਅਤੇ ਰੂਸ ਵਿਚਾਲੇ ਸਬੰਧ ਦੂਜੀ ਵਿਸ਼ਵ ਜੰਗ ਮਗਰੋਂ ਦੁਨੀਆ ਦੇ ਸਭ ਤੋਂ ਪ੍ਰਮੁੱਖ ਸਬੰਧਾਂ ’ਚੋਂ ਇਕ ਰਹੇ ਹਨ।’’ ਵਾਰਤਾ ਦੌਰਾਨ ਦੋਵੇਂ ਆਗੂਆਂ ਨੇ ਅਤਿਵਾਦ ਨਾਲ ਸਿੱਝਣ ਦੇ ਤਰੀਕਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਹਰ ਤਰ੍ਹਾਂ ਦੇ ਅਤਿਵਾਦ ਨੂੰ ਬਰਦਾਸ਼ਤ ਨਾ ਕਰਨ ਦੀ ਭਾਰਤ ਦੀ ਨੀਤੀ ਤੋਂ ਲਾਵਰੋਵ ਨੂੰ ਜਾਣੂ ਕਰਵਾਇਆ। ਯੂਕਰੇਨ ਅਤੇ ਪੱਛਮੀ ਏਸ਼ੀਆ ਦੇ ਹਾਲਾਤ ਬਾਰੇ ਜੈਸ਼ੰਕਰ ਨੇ ਕਿਹਾ ਕਿ ਭਾਰਤ ਮਤਭੇਦਾਂ ਦੇ ਹੱਲ ਲਈ ਵਾਰਤਾ ਅਤੇ ਕੂਟਨੀਤੀ ’ਤੇ ਜ਼ੋਰ ਦੇਣਾ ਜਾਰੀ ਰੱਖੇਗਾ। ਇਸ ਦੌਰਾਨ ਉਨ੍ਹਾਂ ਭਾਰਤ ਅਤੇ ਰੂਸ ਵਿਚਾਲੇ ਸਾਲ ਦੇ ਅਖੀਰ ’ਚ ਹੋਣ ਵਾਲੇ ਸਾਲਾਨਾ ਸਿਖਰ ਸੰਮੇਲਨ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ। -ਪੀਟੀਆਈ

Advertisement

ਰੂਸੀ ਫੌਜ ’ਚ ਸ਼ਾਮਲ ਭਾਰਤੀਆਂ ਦਾ ਮੁੱਦਾ ਵੀ ਚੁੱਕਿਆ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਰਗੇਈ ਲਾਵਰੋਵ ਨਾਲ ਗੱਲਬਾਤ ਦੌਰਾਨ ਰੂਸੀ ਫੌਜ ’ਚ ਸ਼ਾਮਲ ਕੁਝ ਭਾਰਤੀ ਨੌਜਵਾਨਾਂ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਬਹੁਤੇ ਨੌਜਵਾਨਾਂ ਨੂੰ ਰੂਸ ਨੇ ਫੌਜ ’ਚੋਂ ਮੁਕਤ ਕਰ ਦਿੱਤਾ ਗਿਆ ਹੈ ਪਰ ਕੁਝ ਕੇਸ ਹਾਲੇ ਵੀ ਬਕਾਇਆ ਪਏ ਹਨ ਅਤੇ ਕੁਝ ਨੌਜਵਾਨ ਲਾਪਤਾ ਹਨ। ਉਨ੍ਹਾਂ ਆਸ ਜਤਾਈ ਕਿ ਰੂਸ ਇਨ੍ਹਾਂ ਮਾਮਲਿਆਂ ਨੂੰ ਤੇਜ਼ੀ ਨਾਲ ਹੱਲ ਕਰੇਗਾ। -ਪੀਟੀਆਈ

ਭਾਰਤ ’ਤੇ 50 ਫ਼ੀਸਦ ਅਮਰੀਕੀ ਟੈਰਿਫ ਦਾ ਚੀਨ ਵੱਲੋਂ ਵਿਰੋਧ

ਨਵੀਂ ਦਿੱਲੀ: ਚੀਨੀ ਸਫ਼ੀਰ ਸ਼ੂ ਫੇਹੌਂਗ ਨੇ ਅਮਰੀਕਾ ਵੱਲੋਂ ਭਾਰਤ ’ਤੇ 50 ਫ਼ੀਸਦ ਟੈਰਿਫ ਲਗਾਉਣ ਅਤੇ ਉਸ ਨੂੰ ਹੋਰ ਵਧਾਏ ਜਾਣ ਦੀ ਧਮਕੀ ਦਾ ਵਿਰੋਧ ਕੀਤਾ ਹੈ। ਇਥੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਫੇਹੌਂਗ ਨੇ ਇਹ ਵੀ ਦਾਅਵਾ ਕੀਤਾ ਕਿ ਟੈਰਿਫ ਅਤੇ ਟਰੇਡ ‘ਜੰਗਾਂ’ ਆਲਮੀ ਅਰਥਚਾਰੇ ਤੇ ਵਪਾਰ ਪ੍ਰਬੰਧ ’ਚ ਅੜਿੱਕੇ ਡਾਹ ਰਹੀਆਂ ਹਨ। ਚੀਨੀ ਸਫ਼ੀਰ ਦਾ ਇਹ ਬਿਆਨ ਭਾਰਤ ਲਈ ਅਹਿਮੀਅਤ ਰੱਖਦਾ ਹੈ ਕਿਉਂਕਿ ਦੋਵੇਂ ਮੁਲਕਾਂ ਵਿਚਕਾਰ ਹੁਣ ਸਬੰਧ ਸੁਖਾਵੇਂ ਹੋਣੇ ਸ਼ੁਰੂ ਹੋ ਗਏ ਹਨ। ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਹੁਣੇ ਜਿਹੇ ਭਾਰਤ ਦਾ ਦੌਰਾ ਕਰਕੇ ਏਸ਼ੀਆ ਦੇ ਦੋ ਵੱਡੇ ਮੁਲਕਾਂ ਵਿਚਕਾਰ ਸਬੰਧਾਂ ਨੂੰ ਨਵਾਂ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ। ਆਈਆਈਸੀ ’ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਚੀਨੀ ਸਫ਼ੀਰ ਫੇਹੌਂਗ ਨੇ ਅਮਰੀਕਾ ਵੱਲੋਂ ਵੱਖ ਵੱਖ ਮੁਲਕਾਂ ’ਤੇ ਥੋਪੇ ਗਏ ਟੈਰਿਫਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ, ‘‘ਅਮਰੀਕਾ ਨੇ ਭਾਰਤ ’ਤੇ 50 ਫ਼ੀਸਦ ਟੈਰਿਫ ਲਗਾਏ ਹਨ ਅਤੇ ਉਸ ਨੇ ਟੈਰਿਫ ਹੋਰ ਵਧਾਉਣ ਦੀ ਧਮਕੀ ਦਿੱਤੀ ਹੈ। ਚੀਨ ਇਸ ਦਾ ਵਿਰੋਧ ਕਰਦਾ ਹੈ।’’ ਚੀਨ ’ਚ ਹੋਣ ਵਾਲੇ ਐੱਸਸੀਓ ਸੰਮੇਲਨ ਬਾਰੇ ਫੇਹੌਂਗ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਭਾਰਤ ਸਮੇਤ ਸਾਰੇ ਮੁਲਕਾਂ ਨਾਲ ਰਲ ਕੇ ਕੰਮ ਕਰਨ ਦਾ ਇੱਛੁਕ ਹੈ। ਉਨ੍ਹਾਂ ਕਿਹਾ ਕਿ ਰਲ ਕੇ ਅਸੀਂ ‘ਡਰੈਗਨ-ਐਲੀਫੈਂਟ ਟੈਂਗੋ’ ਦਾ ਨਵਾਂ ਅਧਿਆਏ ਖੋਲ੍ਹ ਸਕਦੇ ਹਾਂ। -ਪੀਟੀਆਈ

Advertisement
×