ਅਮਰੀਕਾ ਵੱਲੋਂ ਬਣਾਇਆ ਸੰਚਾਰ ਸੈਟੇਲਾਈਟ ਲਾਂਚ ਕਰੇਗਾ ਇਸਰੋ: ਚੇਅਰਮੈਨ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਗਲੇ ਕੁਝ ਮਹੀਨਿਆਂ ’ਚ ਅਮਰੀਕਾ ਵੱਲੋਂ ਬਣਾਏ 6,500 ਕਿਲੋਗ੍ਰਾਮ ਵਜ਼ਨੀ ਸੰਚਾਰ ਸੈਟੇਲਾਈਟ ਨੂੰ ਦਾਗ਼ੇਗਾ। ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਚੇਨਈ ਨੇੜੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ 30 ਜੁਲਾਈ ਨੂੰ ਜੀਐੱਸਐੱਲਵੀ-ਐੱਫ16 ਰਾਕੇਟ ਰਾਹੀਂ ਨਾਸਾ-ਇਸਰੋ ਸਿੰਥੈਟਿਕ ਅਪਰਚਰ ਰਡਾਰ (ਨਿਸਾਰ) ਮਿਸ਼ਨ ਦੀ ਇਤਿਹਾਸਕ ਲਾਂਚਿੰਗ ਮਗਰੋਂ ਅਮਰੀਕਾ ’ਚ ਬਣੇ ਇਕ ਹੋਰ ਸੈਟੇਲਾਈਟ ਨੂੰ ਪੁਲਾੜ ’ਚ ਭੇਜਿਆ ਜਾਵੇਗਾ। ਕੱਟਨਕੁਲਥੂਰ ’ਚ ਐੱਸਆਰਐੱਮ ਸਾਇੰਸ ਅਤੇ ਤਕਨਾਲੋਜੀ ਇੰਸਟੀਚਿਊਟ ਦੀ 21ਵੀਂ ਕਾਨਵੋਕੇਸ਼ਨ ਦੌਰਾਨ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੇ ਨਾਰਾਇਣਨ ਨੂੰ ਡਾਕਟਰ ਆਫ਼ ਸਾਇੰਸ ਦੀ ਆਨਰੇਰੀ ਡਿਗਰੀ ਨਾਲ ਨਿਵਾਜਿਆ। ਇਸਰੋ ਮੁਖੀ ਨੇ ਆਪਣੇ ਸੰਬੋਧਨ ਦੌਰਾਨ ਚੇਤੇ ਕਰਵਾਇਆ ਕਿ ਭਾਰਤੀ ਪੁਲਾੜ ਏਜੰਸੀ ਦੀ ਸਥਾਪਨਾ 1963 ’ਚ ਹੋਈ ਸੀ ਅਤੇ ਉਸ ਸਮੇਂ ਦੇਸ਼ ਵਿਕਸਤ ਮੁਲਕਾਂ ਤੋਂ ਛੇ-ਸੱਤ ਸਾਲ ਪਿੱਛੇ ਸੀ। ਉਨ੍ਹਾਂ ਕਿਹਾ, ‘‘ਉਸੇ ਸਾਲ ਅਮਰੀਕਾ ਨੇ ਇਕ ਛੋਟਾ ਰਾਕੇਟ ਦਾਨ ਕੀਤਾ ਸੀ ਜਿਸ ਨਾਲ ਭਾਰਤੀ ਪੁਲਾੜ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ। ਇਹ 21 ਨਵੰਬਰ, 1963 ਦੀ ਗੱਲ ਹੈ।’’ ਨਾਰਾਇਣਨ ਨੇ ਕਿਹਾ ਕਿ 1975 ’ਚ ਅਮਰੀਕਾ ਵੱਲੋਂ ਉਪਲੱਬਧ ਕਰਵਾਏ ਗਏ ਸੈਟੇਲਾਈਟ ਡੇਟਾ ਰਾਹੀਂ ਇਸਰੋ ਨੇ ਛੇ ਭਾਰਤੀ ਰਾਜਾਂ ਦੇ 2,400 ਪਿੰਡਾਂ ’ਚ 2,400 ਟੀਵੀ ਸੈੱਟ ਲਗਾ ਕੇ ਜਨਸੰਚਾਰ ਦਾ ਪ੍ਰੀਖਣ ਕੀਤਾ ਸੀ। ਉਨ੍ਹਾਂ ਕਿਹਾ ਕਿ 50 ਸਾਲ ਪਹਿਲਾਂ ਜਿਸ ਮੁਲਕ ਕੋਲ ਸੈਟੇਲਾਈਟ ਤਕਨਾਲੋਜੀ ਨਹੀਂ ਸੀ, ਅੱਜ ਉਹ 34 ਮੁਲਕਾਂ ਦੇ ਕੁੱਲ 433 ਸੈਟੇਲਾਈਟ ਦਾਗ਼ ਚੁੱਕੀ ਹੈ।