ISRO ਨੇ 100ਵੀਂ ਸਫਲ ਲਾਂਚ ਨਾਲ ਰਚਿਆ ਇਤਿਹਾਸ, GSLV-F15 ਨੇ NVS-02 ਨੇਵੀਗੇਸ਼ਨ ਉਪਗ੍ਰਹਿ ਨੂੰ ਮਿਥੇ ਪੰਧ ’ਤੇ ਪਾਇਆ
ਨੇਵੀਗੇਸ਼ਨ ਉਪਗ੍ਰਹਿ ਧਰਤੀ, ਹਵਾਈ ਤੇ ਸਮੁੰਦਰੀ ਨੇਵੀਗੇਸ਼ਨ ਸਣੇ ਖੇਤੀਬਾੜੀ ਸਬੰਧੀ ਸ਼ੁੱਧਤਾ ਵਿੱਚ ਹੋਵੇਗਾ ਮਦਦਗਾਰ
ਸ੍ਰੀਹਰੀਕੋਟਾ, 29 ਜਨਵਰੀ
ਭਾਰਤੀ ਪੁਲਾੜ ਖੋਜ ਸੰਗਠਨ (Indian Space Research Organisation - ISRO) ਨੇ ਬੁੱਧਵਾਰ ਸਵੇਰੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਵਿਖੇ NVS-02 ਨੂੰ ਲੈ ਕੇ ਜਾਣ ਵਾਲਾ ਆਪਣਾ GSLV-F15 ਪੁਲਾੜ ਵਾਹਨ ਸਫਲਤਾਪੂਰਵਕ ਲਾਂਚ ਕੀਤਾ। ਇਹ ਦੇਸ਼ ਦੀ ਪੁਲਾੜ ਬੰਦਰਗਾਹ ਤੋਂ ਇਸਰੋ ਦੀ 100ਵੀਂ ਲਾਂਚ ਹੈ। ਇਸ ਰਾਹੀਂ ਲਾਂਚ ਕੀਤਾ ਗਿਆ ਨੇਵੀਗੇਸ਼ਨ ਸੈਟੇਲਾਈਟ ਧਰਤੀ, ਹਵਾਈ ਅਤੇ ਸਮੁੰਦਰੀ ਨੇਵੀਗੇਸ਼ਨ ਅਤੇ ਖੇਤੀਬਾੜੀ ਸਬੰਧੀ ਸ਼ੁੱਧਤਾ ਵਿੱਚ ਮਦਦ ਕਰੇਗਾ।
ਇਸ ਦੇ ਨਾਲ ਹੀ GSLV-F15 ਭਾਰਤ ਦੇ ਜੀਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ (GSLV) ਦੀ 17ਵੀਂ ਉਡਾਣ ਹੈ ਅਤੇ ਦੇਸ਼ ਵਿਚ ਹੀ ਤਿਆਰ ਕ੍ਰਾਇਓ ਪੜਾਅ (Cryo stage) ਵਾਲੀ 11ਵੀਂ ਉਡਾਣ ਹੈ। ਇਹ ਸਵਦੇਸ਼ੀ ਕ੍ਰਾਇਓ ਪੜਾਅ ਵਾਲੀ GSLV ਦੀ 8ਵੀਂ ਸੰਚਾਲਨ ਉਡਾਣ ਹੈ। GSLV-F15 ਪੇਲੋਡ ਫੇਅਰਿੰਗ ਇੱਕ ਮਟੈਲਿਕ (ਧਾਤੂ) ਸੰਸਕਰਣ ਹੈ, ਜਿਸਦਾ ਵਿਆਸ 3.4 ਮੀਟਰ ਹੈ।
ਇਸਰੋ ਨੇ ਬੁੱਧਵਾਰ ਸਵੇਰੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ (X) ਉਤੇ ਪਾਈ ਇਕ ਪੋਸਟ ਵਿਚ ਦਿੱਤੇ ਬਿਆਨ ਵਿੱਚ ਕਿਹਾ ਕਿ ਸਵਦੇਸ਼ੀ ਕ੍ਰਾਇਓਜੈਨਿਕ ਸਟੇਜ ਵਾਲਾ GSLV-F15 ਇਸ NVS-02 ਸੈਟੇਲਾਈਟ ਨੂੰ ਇੱਕ ਜੀਓਸਿੰਕ੍ਰੋਨਸ ਟ੍ਰਾਂਸਫਰ ਔਰਬਿਟ (ਗ੍ਰਹਿ ਪੰਧ) ਵਿੱਚ ਰੱਖੇਗਾ।
ਸਵੇਰੇ ਸੁਵਖ਼ਤੇ ਦੀ ਇਹ ਲਾਂਚਿੰਗ ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ (ISRO Chairman V Narayanan) ਦੀ ਅਗਵਾਈ ਵਾਲੀ ਪਹਿਲੀ ਲਾਂਚ ਸੀ, ਜਿਸ ਨੂੰ ਸਵੇਰੇ 6.23 ਵਜੇ ਦਾਗਿਆ ਗਿਆ। ਦੱਸਣਯੋਗ ਹੈ ਕਿ ਸ੍ਰੀ ਨਾਰਾਇਣਨ ਨੇ 16 ਜਨਵਰੀ ਨੂੰ ਅਹੁਦਾ ਸੰਭਾਲਿਆ ਹੈ ਅਤੇ 2025 ਵਿੱਚ ਪੁਲਾੜ ਏਜੰਸੀ ਦਾ ਇਹ ਪਹਿਲਾ ਉੱਦਮ ਵੀ ਹੈ। ਲਾਂਚ ਤੋਂ ਬਾਅਦ ਸਾਥੀ ਵਿਗਿਆਨੀਆਂ ਨੇ ਖ਼ੁਸ਼ੀ ਵਿਚ ਨਾਰਾਇਣਨ ਨੂੰ ਜੱਫੀ ਪਾ ਲਈ ਅਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ।
ਨਰਾਇਣਨ ਨੇ ਮਿਸ਼ਨ ਕੰਟਰੋਲ ਸੈਂਟਰ ਤੋਂ ਕਿਹਾ, "ਮੈਨੂੰ ਇਸਰੋ ਦੇ ਸਪੇਸਪੋਰਟ ਤੋਂ ਇਹ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ 2025 ਦਾ ਪਹਿਲਾ ਲਾਂਚ ਸਫਲਤਾਪੂਰਵਕ ਪੂਰਾ ਹੋ ਗਿਆ ਹੈ, GSLV- F15 ਲਾਂਚ ਵਾਹਨ ਨੇ ਨੇਵੀਗੇਸ਼ਨ ਸੈਟੇਲਾਈਟ NVS-02 ਨੂੰ ਲੋੜੀਂਦੇ (GTO) ਔਰਬਿਟ ਵਿੱਚ ਸਹੀ ਢੰਗ ਨਾਲ ਇੰਜੈਕਟ ਕੀਤਾ ਹੈ।"
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਪੇਸ ਐਪਲੀਕੇਸ਼ਨ ਸੈਂਟਰ (SAC)/ISRO ਦੇ ਡਾਇਰੈਕਟਰ ਨੀਲੇਸ਼ ਦੇਸਾਈ ਨੇ ਕਿਹਾ ਸੀ ਕਿ ਇਹ ਲਾਂਚ ਭਾਰਤ ਦੇ ਖੇਤਰੀ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਨੂੰ 4 ਤੋਂ 5 ਸੈਟੇਲਾਈਟਾਂ ਤੱਕ ਅਪਡੇਟ ਕਰਨ ਵਿੱਚ ਮਦਦ ਕਰੇਗਾ। -ਏਜੰਸੀਆਂ
Sriharikota, andhra Pradesh, ISRO, rocket launch Launch of GSLV-F15 from Sriharikota