ਗਾਜ਼ਾ ’ਤੇ ਹਮਲੇ ਤੇਜ਼ ਕਰਨ ਲਈ ਇਜ਼ਰਾਇਲੀ ਸੁਰੱਖਿਆ ਕੈਬਨਿਟ ਦੀ ਮੀਟਿੰਗ
ਇਜ਼ਰਾਇਲੀ ਸੁਰੱਖਿਆ ਕੈਬਨਿਟ ਨੇ ਅੱਜ ਸ਼ਾਮ ਗਾਜ਼ਾ ’ਚ ਇਜ਼ਰਾਈਲ ਦੀਆਂ ਫੌਜੀ ਮੁਹਿੰਮਾਂ ਦੇ ਸੰਭਾਵੀ ਵਾਧੇ ’ਤੇ ਚਰਚਾ ਕੀਤੀ ਹੈ। ਇਸ ਮੀਟਿੰਗ ਤੋਂ ਬਾਅਦ ਇਜ਼ਰਾਈਲ ਵੱਲੋਂ ਗਾਜ਼ਾ ’ਤੇ ਹਮਲੇ ਤੇਜ਼ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਮੀਟਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਸਥਾਨਕ ਹਸਪਤਾਲਾਂ ਅਨੁਸਾਰ ਦੱਖਣੀ ਗਾਜ਼ਾ ’ਚ ਹਵਾਈ ਹਮਲਿਆਂ ਤੇ ਗੋਲੀਬਾਰੀ ’ਚ ਘੱਟ ਤੋਂ ਘੱਟ 37 ਫਲਸਤੀਨੀ ਮਾਰੇ ਗਏ ਹਨ। ਦੱਖਣੀ ਸ਼ਹਿਰ ਖਾਨ ਯੂਨਿਸ ਦੇ ਨਾਸੇਰ ਹਸਪਤਾਲ ਨੇ ਦੱਸਿਆ ਕਿ 12 ਮੌਤਾਂ ਉਨ੍ਹਾਂ ਦੀਆਂ ਹੋਈਆਂ ਹਨ ਜੋ ਅਮਰੀਕਾ ਤੇ ਇਜ਼ਰਾਈਲ ਹਮਾਇਤੀ ਇੱਕ ਨਿੱਜੀ ਠੇਕੇਦਾਰ ਵੱਲੋਂ ਰਾਸ਼ਨ ਵੰਡੇ ਜਾਣ ਵਾਲੀ ਥਾਂ ਨੇੜੇ ਸਹਾਇਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਹਸਪਤਾਲ ਨੇ ਕਿਹਾ ਕਿ ਘੱਟ ਤੋਂ ਘੱਟ 50 ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ’ਚੋਂ ਕਈਆਂ ਨੂੰ ਗੋਲੀਆਂ ਲੱਗੀਆਂ ਹਨ। ਗਾਜ਼ਾ ’ਚ ਮਨੁੱਖੀ ਅਧਿਕਾਰਾਂ ਬਾਰੇ ਸੰਸਥਾ ਤੇ ਇਜ਼ਰਾਇਲੀ ਸੈਨਾ ਨੇ ਹਮਲਿਆਂ ਜਾਂ ਗੋਲੀਬਾਰੀ ਸਬੰਧੀ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। ਇਜ਼ਰਾਇਲੀ ਸੈਨਾ ਨੇ ਹਮਾਸ ’ਤੇ ਆਮ ਲੋਕਾਂ ਦੀ ਸੰਘਣੀ ਅਬਾਦੀ ਵਾਲੇ ਇਲਾਕਿਆਂ ’ਚ ਗਤੀਵਿਧੀਆਂ ਚਲਾਉਣ ਦਾ ਦੋਸ਼ ਲਾਇਆ ਹੈ। ਇਜ਼ਰਾਈਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜੋ ਵੀ ਮਨਜ਼ੂਰੀ ਮਿਲੇਗੀ ਉਸ ਨੂੰ ਹਮਾਸ ’ਤੇ ਦਬਾਅ ਵਧਾਉਣ ਲਈ ਹੌਲੀ ਹੌਲੀ ਲਾਗੂ ਕੀਤਾ ਜਾਵੇਗਾ। -ਏਪੀ
ਨੇਤਨਯਾਹੂ ਵੱਲੋਂ ਭਾਰਤੀ ਰਾਜਦੂਤ ਨਾਲ ਮੁਲਾਕਾਤ
ਯਰੂਸ਼ਲਮ: ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅੱਜ ਇਜ਼ਰਾਈਲ ’ਚ ਭਾਰਤ ਦੇ ਰਾਜਦੂਤ ਜੇਪੀ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਦੁਵੱਲਾ ਸਹਿਯੋਗ, ਵਿਸ਼ੇਸ਼ ਤੌਰ ’ਤੇ ਸੁਰੱਖਿਆ ਤੇ ਆਰਥਿਕ ਮੁੱਦਿਆਂ ਬਾਰੇ ਚਰਚਾ ਕੀਤੀ। ਨੇਤਨਯਾਹੂ ਨੇ ਭਾਰਤੀ ਪੱਤਰਕਾਰਾਂ ਦੇ ਇਕ ਸਮੂਹ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਨੇਤਨਯਾਹੂ ਨੇ ਕਿਹਾ ਕਿ ਟੈਕਸ ਸਬੰਧੀ ਮਸਲੇ ਸੁਲਝਾਉਣਾ ਭਾਰਤ ਤੇ ਅਮਰੀਕਾ ਦੇ ਹਿੱਤ ਵਿੱਚ ਹੋਵੇਗਾ ਅਤੇ ਉਹ ਜਲਦੀ ਹੀ ਭਾਰਤ ਯਾਤਰਾ ’ਤੇ ਜਾਣਾ ਚਾਹੁਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਟੀਚਾ ਗਾਜ਼ਾ ’ਤੇ ਕਬਜ਼ਾ ਕਰਨ ਜਾਂ ਉਸ ਦਾ ਰਲੇਵਾਂ ਕਰਨ ਦਾ ਨਹੀਂ ਹੈ ਬਲਕਿ ਉਨ੍ਹਾਂ ਦਾ ਟੀਚਾ ਹਮਾਸ ਦਾ ਖਾਤਮਾ ਕਰਨਾ ਤੇ ਆਪਣੇ ਬੰਦੀਆਂ ਨੂੰ ਵਾਪਸ ਲਿਆਉਣਾ ਹੈ। -ਏਪੀ