ਇਜ਼ਰਾਇਲੀ ਫੌਜ ਨੇ ਅੱਜ ਕਿਹਾ ਕਿ ਗਾਜ਼ਾ ਸਿਟੀ ਵਿੱਚ ਫਲਸਤੀਨੀਆਂ ਨੂੰ ਦੱਖਣ ਵੱਲ ਜਾਣਾ ਚਾਹੀਦਾ ਹੈ ਕਿਉਂਕਿ ਫੌਜ ਇਸ ਸ਼ਹਿਰੀ ਖੇਤਰ ਵਿੱਚ ਅੱਗੇ ਵਧ ਰਹੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਇਸ ਖੇਤਰ ਨੂੰ ਕਬਜ਼ੇ ਵਿੱਚ ਲੈਣ ਦੇ ਦਿੱਤੇ ਨਿਰਦੇਸ਼ ਮਗਰੋਂ ਫੌਜ ਹਫ਼ਤਿਆਂ ਤੋਂ ਉਤਰੀ ਸ਼ਹਿਰ ’ਤੇ ਹਮਲੇ ਕਰ ਰਹੀ ਹੈ। ਨੇਤਨਯਾਹੂ ਦਾ ਕਹਿਣਾ ਹੈ ਕਿ ਗਾਜ਼ਾ ਸ਼ਹਿਰ ਹਮਾਸ ਦਾ ਗੜ੍ਹ ਹੈ ਅਤੇ ਇਸ ’ਤੇ ਕਬਜ਼ਾ ਕਰਨਾ ਫਲਸਤੀਨੀ ਇਲਸਾਮੀ ਅਤਿਵਾਦੀਆਂ ਨੂੰ ਹਰਾਉਣ ਲਈ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਹਮਾਸ ਦੇ ਅਕਤੂਬਰ 2023 ਵਿੱਚ ਇਜ਼ਰਾਈਲ ’ਤੇ ਹਮਲੇ ਮਗਰੋਂ ਜੰਗ ਸ਼ੁਰੂ ਹੋਈ ਹੈ। ਇਜ਼ਰਾਇਲੀ ਫੌਜ ਦੇ ਬੁਲਾਰੇ ਅਵਿਚੇਅ ਅਦਰਾਈ ਨੇ ‘ਐਕਸ’ ’ਤੇ ਲਿਖਿਆ ਕਿ ਨਿਵਾਸੀਆਂ ਨੂੰ ਸ਼ਹਿਰ ਛੱਡ ਕੇ ਦੱਖਣੀ ਗਾਜ਼ਾ ਦੇ ਖ਼ਾਨ ਯੂਨਿਸ ਵੱਲ ਚਲੇ ਜਾਣਾ ਚਾਹੀਦਾ ਹੈ, ਗਾਜ਼ਾ ਵਿੱਚੋਂ ਜਾਣ ਵਾਲਿਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਉੱਥੇ ਭੋਜਨ, ਮੈਡੀਕਲ ਸਹਾਇਤਾ ਅਤੇ ਆਸਰਾ ਮਿਲੇਗਾ। ਉਧਰ, ਹਿਜ਼ਬੁੱਲ੍ਹਾ ਦੇ ਅਧਿਕਾਰੀ ਮਹਿਮੂਦ ਕਮਾਤੀ ਨੇ ਦੱਸਿਆ ਕਿ ਜਥੇਬੰਦੀ ਨੇ ਹਥਿਆਰਾਂ ’ਤੇ ਲਿਬਨਾਨ ਸਰਕਾਰ ਦਾ ਏਕਾਧਿਕਾਰ ਸਥਾਪਤ ਕਰਨ ਦੀ ਫੌਜ ਦੀ ਯੋਜਨਾ ’ਤੇ ਕੈਬਨਿਟ ਵੱਲੋਂ ਲਏ ਫ਼ੈਸਲੇ ਦਾ ਸਵਾਗਤ ਕੀਤਾ ਹੈ।
ਟਰੰਪ ਵੱਲੋਂ ਹਮਾਸ ਨੂੰ ਸਾਰੇ ਬੰਦੀ ਰਿਹਾਅ ਕਰਨ ਦੀ ਅਪੀਲ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਵਾਸ਼ਿੰਗਟਨ ਹਮਾਸ ਨਾਲ ਕਾਫ਼ੀ ਗੰਭੀਰ ਗੱਲਬਾਤ ਕਰ ਰਿਹਾ ਹੈ ਅਤੇ ਉਨ੍ਹਾਂ ਨੇ ਸੰਗਠਨ ਨੂੰ ਗਾਜ਼ਾ ਵਿੱਚ ਇਸ ਸਮੇਂ ਫੜੇ ਸਾਰੇ ਬੰਦੀਆਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਹਮਾਸ ਨਾਲ ਪੂਰੀ ਗੰਭੀਰਤਾ ਨਾਲ ਗੱਲਬਾਤ ਕਰ ਰਹੇ ਹਾਂ।’’ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਜ਼ਰਾਇਲੀ ਬੰਦੀ ਕੈਦ ਵਿੱਚ ਰਹੇ ਤਾਂ ਸਥਿਤੀ ‘ਮੁਸ਼ਕਲ’ ਅਤੇ ‘ਭੈੜੀ’ ਹੋਵੇਗੀ। ਟਰੰਪ ਨੇ ਇਹ ਵੀ ਕਿਹਾ ਕਿ ਹਮਾਸ ਕੁਝ ਅਜਿਹੀਆਂ ਚੀਜ਼ਾਂ ਦੀ ਮੰਗ ਕਰ ਰਿਹਾ ਹੈ ਜੋ ਠੀਕ ਹਨ। -ਏਐੱਨਆਈ