ਇਜ਼ਰਾਇਲੀ ਤੇ ਫ਼ਲਸਤੀਨੀ ਪ੍ਰਦਰਸ਼ਨਕਾਰੀਆਂ ਵੱਲੋਂ ਗਾਜ਼ਾ ’ਚ ਸ਼ਾਂਤੀ ਰੈਲੀ
ਨਾਜ਼ਰੇਥ ਦੀਆਂ ਸੜਕਾਂ ’ਤੇ ਇਜ਼ਰਾਇਲੀ ਅਤੇ ਫ਼ਲਸਤੀਨੀਆਂ ਨੇ ਪੱਤਰਕਾਰਾਂ ਵੱਲੋਂ ਖ਼ਤਰਨਾਕ ਖੇਤਰਾਂ ਵਿੱਚ ਪਾਈਆਂ ਜਾਣ ਵਾਲੀਆਂ ਫਲੈਕ ਜੈਕੇਟਾਂ ਅਤੇ ਹੋਰ ਕੱਪੜਿਆਂ ’ਤੇ ਲੱਗੇ ‘ਪ੍ਰੈੱਸ’ ਚਿੰਨ੍ਹ ਵਰਗੇ ਸਟਿੱਕਰ ਲਗਾ ਕੇ ਗਾਜ਼ਾ ਵਿੱਚ ਸ਼ਾਂਤੀ ਲਈ ਰੈਲੀ ਕੀਤੀ। ਉਨ੍ਹਾਂ ਦਾ ਸੁਨੇਹਾ ਸੀ ‘ਪੱਤਰਕਾਰੀ ਕੋਈ ਜੁਰਮ ਨਹੀਂ।’
ਇਸ ਇਜ਼ਰਾਇਲੀ ਕਸਬੇ ਵਿੱਚ ਬੀਤੇ ਦਿਨ ਨੀਲੇ ਅਤੇ ਚਿੱਟੇ ਰੰਗ ਦੇ ‘ਪ੍ਰੈੱਸ’ ਦੇ ਸਟਿੱਕਰ ਲਗਾ ਕੇ ਲੋਕਾਂ ਦੀ ਭੀੜ ਇਕੱਠੀ ਹੋਈ। ਇਨ੍ਹਾਂ ਸਟਿੱਕਰਾਂ ਦਾ ਇਸਤੇਮਾਲ ਖ਼ਤਰਨਾਕ ਖੇਤਰਾਂ ਵਿੱਚ ਪੱਤਰਕਾਰਾਂ ਦੀ ਪਛਾਣ ਕਰਨ ਲਈ ਹੁੰਦਾ ਹੈ। ਉਨ੍ਹਾਂ ਗਾਜ਼ਾ ਵਿੱਚ ਜੰਗ ਖ਼ਤਮ ਕਰਨ ਦੀ ਮੰਗ ਕੀਤੀ, ਜਿਸ ਵਿੱਚ ਹੁਣ ਤੱਕ ਹਜ਼ਾਰਾਂ ਲੋਕਾਂ ਤੋਂ ਇਲਾਵਾ ਲਗਪਗ 200 ਪੱਤਰਕਾਰ ਮਾਰੇ ਜਾ ਚੁੱਕੇ ਹਨ। ਕਈਆਂ ਨੇ ਮਾਰੇ ਜਾ ਚੁੱਕੇ ਫਲਸਤੀਨੀ ਪੱਤਰਕਾਰਾਂ ਦੀਆਂ ਤਸਵੀਰਾਂ ਵੀ ਫੜੀਆਂ ਹੋਈਆਂ ਸਨ।
ਪ੍ਰਦਰਸ਼ਨਕਾਰੀਆਂ ਨੇ ਇੱਕ ਬੈਨਰ ਵੀ ਫੜਿਆ ਹੋਇਆ ਸੀ, ਜਿਸ ’ਤੇ ਲਿਖਿਆ ਸੀ, “ਸੱਚ ਦਾ ਕਤਲ ਨਾ ਕਰੋ।’’ ਕੁਝ ਲੋਕਾਂ ਨੇ ਗਾਜ਼ਾ ਪੱਟੀ ਵਿੱਚ ਭੁੱਖਮਰੀ ਦਾ ਪ੍ਰਤੀਕ ਦਿਖਾਉਣ ਅਤੇ ਪੱਤਰਕਾਰਾਂ ਦੀ ਹੱਤਿਆ ਦੇ ਵਿਰੋਧ ਵਿੱਚ ਖਾਲੀ ਭਾਂਡੇ ਵੀ ਖੜਕਾਏ।
33 ਸਾਲਾ ਮਰੀਅਮ ਦਾਗਾ ਜੋ ਕਿ ‘ਐਸੋਸੀਏਟਿਡ ਪ੍ਰੈੱਸ’ ਲਈ ਇੱਕ ਫ੍ਰੀਲਾਂਸਰ ਵਜੋਂ ਕੰਮ ਕਰਦੀ ਸੀ, ਵੀ ਜੰਗ ਦਾ ਸ਼ਿਕਾਰ ਹੋ ਗਈ। ਉਹ ਅਤੇ ਚਾਰ ਹੋਰ ਪੱਤਰਕਾਰ ਇਸ ਹਫ਼ਤੇ ਦੇ ਸ਼ੁਰੂ ਵਿੱਚ ਮਾਰੇ ਗਏ ਸਨ ਜਦੋਂ ਇਜ਼ਰਾਇਲੀ ਸੈਨਿਕਾਂ ਨੇ ਗਾਜ਼ਾ ਦੇ ਖਾਨ ਯੂਨਿਸ ਕਸਬੇ ਵਿੱਚ ਨਾਸਿਰ ਹਸਪਤਾਲ ’ਤੇ ਹਮਲਾ ਕੀਤਾ। ਇਸ ਹਮਲੇ ਵਿੱਚ 17 ਹੋਰ ਵਿਅਕਤੀ ਮਾਰੇ ਗਏ ਸਨ।
ਬਰਤਾਨੀਆ ਦਾ ਇਜ਼ਰਾਈਲ ਨੂੰ ਹਥਿਆਰ ਮੇਲੇ ਲਈ ਸੱਦਾ ਦੇਣ ਤੋਂ ਇਨਕਾਰ
ਲੰਡਨ: ਗਾਜ਼ਾ ਵਿੱਚ ਮਨੁੱਖੀ ਸੰਕਟ ਬਾਰੇ ਵਧ ਰਹੀ ਚਿੰਤਾ ਦਰਮਿਆਨ ਬਰਤਾਨੀਆ ਨੇ ਇਜ਼ਰਾਇਲੀ ਸਰਕਾਰੀ ਅਧਿਕਾਰੀਆਂ ਨੂੰ ਦੇਸ਼ ਦੇ ਸਭ ਤੋਂ ਵੱਡੇ ਹਥਿਆਰ ਮੇਲੇ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਹੈ। ਬਰਤਾਨਵੀ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ, “ਇਜ਼ਰਾਇਲੀ ਸਰਕਾਰ ਦਾ ਗਾਜ਼ਾ ਵਿੱਚ ਫੌਜੀ ਕਾਰਵਾਈ ਵਧਾਉਣ ਦਾ ਫੈਸਲਾ ਗਲਤ ਹੈ। ਨਤੀਜੇ ਵਜੋਂ, ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਲੰਡਨ ਵਿੱਚ 9 ਤੋਂ 12 ਸਤੰਬਰ ਤੱਕ ਹੋਣ ਵਾਲੇ ਡੀ ਐੱਸ ਈ ਆਈ ਯੂ ਕੇ ਮੇਲੇ ਵਿੱਚ ਸ਼ਾਮਲ ਹੋਣ ਲਈ ਕਿਸੇ ਇਜ਼ਰਾਇਲੀ ਸਰਕਾਰੀ ਵਫ਼ਦ ਨੂੰ ਸੱਦਾ ਨਹੀਂ ਦਿੱਤਾ ਜਾਵੇਗਾ।” -ਏਪੀ