ਉੜੀਸਾ ਵਿਚ ਪਿਛਲੇ ਸਾਲ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੌਰਾਨ ਬੇਨਿਯਮੀਆਂ ਹੋਈਆਂ: ਕਾਂਗਰਸ
ਉੜੀਸਾ ਵਿੱਚ ਵਿਰੋਧੀ ਧਿਰ ਕਾਂਗਰਸ ਨੇ ਦੋਸ਼ ਲਗਾਇਆ ਕਿ ਪਿਛਲੇ ਸਾਲ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਇੱਕੋ ਸਮੇਂ ਹੋਈਆਂ ਚੋਣਾਂ ਦੌਰਾਨ ਸੂਬੇ ਵਿੱਚ ਬੇਨਿਯਮੀਆਂ ਹੋਈਆਂ ਸਨ।
ਸ਼ਨਿੱਚਰਵਾਰ ਸ਼ਾਮ ਨੂੰ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬਾ ਕਾਂਗਰਸ ਪ੍ਰਧਾਨ ਭਗਤ ਚਰਨ ਦਾਸ ਨੇ ਦਾਅਵਾ ਕੀਤਾ ਕਿ ਵੋਟਿੰਗ ਵਾਲੇ ਦਿਨ ਸ਼ਾਮ 5 ਵਜੇ ਤੋਂ ਰਾਤ 9 ਵਜੇ ਦੇ ਦਰਮਿਆਨ ਸੂਬੇ ਵਿੱਚ ਲਗਪਗ 42 ਲੱਖ ਵੋਟਾਂ ਪਈਆਂ। ਉਨ੍ਹਾਂ ਪੁੱਛਿਆ, ‘‘ਸ਼ਾਮ ਨੂੰ ਇੰਨੀ ਵੱਡੀ ਗਿਣਤੀ ਵਿੱਚ ਵੋਟਰ ਪੋਲਿੰਗ ਸਟੇਸ਼ਨਾਂ ’ਤੇ ਕਿਵੇਂ ਆਏ?’’ ਦਾਸ ਨੇ ਬੀਜੇਡੀ ਦੇ ਉੜੀਸਾ ਵਿੱਚ ਇੱਕ ਵੀ ਲੋਕ ਸਭਾ ਸੀਟ ਨਾ ਜਿੱਤਣ ’ਤੇ ਵੀ ਸਵਾਲ ਉਠਾਏ।
ਦਾਸ ਨੇ ਕਿਹਾ, ‘‘ਬੀਜੂ ਜਨਤਾ ਦਲ (ਬੀਜੇਡੀ) ਨੇ 51 ਵਿਧਾਨ ਸਭਾ ਸੀਟਾਂ ਜਿੱਤੀਆਂ, ਪਰ ਇੱਕ ਵੀ ਲੋਕ ਸਭਾ ਹਲਕਾ ਜਿੱਤਣ ਵਿੱਚ ਅਸਮਰੱਥ ਰਹੀ। ਬੀਜੇਡੀ ਨੇ ਕੁਝ ਲੋਕ ਸਭਾ ਹਲਕਿਆਂ ਵਿੱਚ ਚਾਰ ਜਾਂ ਪੰਜ ਵਿਧਾਨ ਸਭਾ ਸੀਟਾਂ ਜਿੱਤੀਆਂ, ਪਰ ਇਸ ਦੇ ਉਮੀਦਵਾਰ ਸੰਸਦ ਮੈਂਬਰ ਨਹੀਂ ਬਣ ਸਕੇ। ਇਹ ਕਿਵੇਂ ਹੋਇਆ?’’
ਦਾਸ ਨੇ ਕਿਹਾ ਕਿ ਕਾਂਗਰਸ ਨੇ ਸਿਰਫ਼ ਇੱਕ ਲੋਕ ਸਭਾ ਸੀਟ, ਕੋਰਾਪੁਟ ਜਿੱਤੀ, ਕਿਉਂਕਿ ਪਾਰਟੀ ਨੇ ਸੱਤ ਹਲਕਿਆਂ ਵਿੱਚੋਂ ਛੇ ਜਿੱਤੇ ਜੋ ਇਸ ਦਾ ਹਿੱਸਾ ਹਨ।
ਦਾਸ ਨੇ ਕਿਹਾ, ‘‘ਕਾਂਗਰਸ ਸੋਮਵਾਰ ਨੂੰ ਹਰ ਜ਼ਿਲ੍ਹੇ ਵਿੱਚ ਇੱਕ ਪ੍ਰੈੱਸ ਕਾਨਫਰੰਸ ਕਰੇਗੀ ਤਾਂ ਜੋ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਕਿਵੇਂ ਚੋਣ ਕਮਿਸ਼ਨ ਨੇ ਵੋਟ ਚੋਰੀ ਕਰਕੇ ਉਨ੍ਹਾਂ ਨਾਲ ਧੋਖਾ ਕੀਤਾ ਅਤੇ ਭਾਜਪਾ ਨੂੰ ਸੱਤਾ ਵਿੱਚ ਲਿਆਂਦਾ।’’
ਉਧਰ ਸੀਨੀਅਰ ਭਾਜਪਾ ਆਗੂ ਜੈਨਾਰਾਇਣ ਮਿਸ਼ਰਾ ਨੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ, ‘‘ਕਾਂਗਰਸ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਜੇਕਰ ਉਨ੍ਹਾਂ ਕੋਲ ਸਬੂਤ ਅਤੇ ਦਸਤਾਵੇਜ਼ ਹਨ, ਤਾਂ ਉਨ੍ਹਾਂ ਨੂੰ ਚੋਣ ਕਮਿਸ਼ਨ ਜਾਂ ਸਮਰੱਥ ਅਦਾਲਤਾਂ ਵਿੱਚ ਪਹੁੰਚ ਕਰਨੀ ਚਾਹੀਦੀ ਹੈ।’’