ਇੱਥੋਂ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਰਾਸ਼ਟਰੀ ਜਨਤਾ ਦਲ (ਆਰਜੇਡੀ) ਮੁਖੀ ਲਾਲੂ ਪ੍ਰਸਾਦ ਯਾਦਵ, ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਉਨ੍ਹਾਂ ਦੇ ਪੁੱਤਰ ਤੇਜਸਵੀ ਯਾਦਵ, ਜੋ ਰਾਜ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ, ਵਿਰੁੱਧ ਕਥਿਤ ਆਈਆਰਸੀਟੀਸੀ ਘੁਟਾਲੇ ਮਾਮਲੇ ਵਿੱਚ ਦੋਸ਼ ਤੈਅ ਕਰ ਦਿੱਤੇ ਹਨ। ਇਸ ਨਾਲ ਬਿਹਾਰ ਵਿੱਚ ਚੋਣਾਂ ਤੋਂ ਪਹਿਲਾਂ ਮੁਕੱਦਮੇ ਲਈ ਰਾਹ ਪੱਧਰਾ ਹੋ ਗਿਆ ਹੈ।ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਕੇਸ ਵਿੱਚ ਰਾਬੜੀ ਦੇਵੀ ਅਤੇ ਤੇਜਸਵੀ ਯਾਦਵ ਵਿਰੁੱਧ ਅਪਰਾਧਿਕ ਸਾਜ਼ਿਸ਼ ਅਤੇ ਧੋਖਾਧੜੀ ਦੇ ਸਾਂਝੇ ਦੋਸ਼ ਤੈਅ ਕੀਤੇ ਹਨ। ਇਹ ਮਾਮਲਾ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਦੇ ਦੋ ਹੋਟਲਾਂ ਦੇ ਸੰਚਾਲਨ ਦੇ ਠੇਕੇ ਇੱਕ ਨਿੱਜੀ ਫਰਮ ਨੂੰ ਦੇਣ ਵਿੱਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਹੈ।ਅਦਾਲਤ ਨੇ ਲਾਲੂ ਪ੍ਰਸਾਦ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ (ਪੀਸੀਏ) ਤਹਿਤ ਵੀ ਦੋਸ਼ ਆਇਦ ਕੀਤੇ ਹਨ। ਹਾਲਾਂਕਿ ਉਨ੍ਹਾਂ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ। ਇਸ ਮਾਮਲੇ ਵਿੱਚ ਇੱਕ ਤਫ਼ਸੀਲੀ ਹੁਕਮਾਂ ਦੀ ਉਡੀਕ ਹੈ।ਇਸ ਤੋਂ ਪਹਿਲਾਂ 24 ਸਤੰਬਰ ਨੂੰ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਦੋਸ਼ ਤੈਅ ਕਰਨ ਬਾਰੇ ਹੁਕਮਾਂ ਲਈ ਨਿੱਜੀ ਤੌਰ ’ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ।ਸੀਬੀਆਈ ਦੀ ਚਾਰਜਸ਼ੀਟ ਅਨੁਸਾਰ ਕਥਿਤ ਤੌਰ 'ਤੇ 2004 ਅਤੇ 2014 ਦੇ ਵਿਚਕਾਰ ਇੱਕ ਸਾਜ਼ਿਸ਼ ਰਚੀ ਗਈ ਸੀ, ਜਿਸ ਦੇ ਤਹਿਤ ਇੰਡੀਅਨ ਰੇਲਵੇ ਦੇ ਬੀਐਨਆਰ ਹੋਟਲਾਂ (ਜੋ ਪੁਰੀ ਅਤੇ ਰਾਂਚੀ ਵਿੱਚ ਸਥਿਤ ਹਨ) ਨੂੰ ਪਹਿਲਾਂ ਆਈਆਰਸੀਟੀਸੀ ਨੂੰ ਤਬਦੀਲ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਇਸ ਦੇ ਸੰਚਾਲਨ, ਸਾਂਭ-ਸੰਭਾਲ ਅਤੇ ਦੇਖਭਾਲ ਦੀ ਜ਼ਿੰਮੇਵਾਰੀ ਪਟਨਾ ਅਧਾਰਤ ਸੁਜਾਤਾ ਹੋਟਲਜ਼ ਪ੍ਰਾਈਵੇਟ ਲਿਮਟਿਡ ਨੂੰ ਲੀਜ਼ ’ਤੇ ਦੇ ਦਿੱਤੀ ਗਈ। -ਪੀਟੀਆਈ