Iran - Israel Conflict: ਤਹਿਰਾਨ ਦੇ ਪਰਮਾਣੂ ਵਾਰਤਾ ਤੋਂ ਇਨਕਾਰ ਪਿੱਛੋਂ ਇਰਾਨ ਤੇ ਇਜ਼ਰਾਈਲ ਵੱਲੋਂ ਇਕ-ਦੂਜੇ ’ਤੇ ਹਮਲੇ
Iran - Israel launch new attacks after Tehran rules out nuclear talks; Interceptions visible in skies over Tel Aviv
ਇਰਾਨ ਨੇ ਤਲ ਅਵੀਵ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਤੇ ਇਜ਼ਰਾਈਲੀ ਹਵਾਈ ਰੱਖਿਆ ਪ੍ਰਣਾਲੀ ਨੇ ਮਿਜ਼ਾਈਲਾਂ ਫੁੰਡਣ ਲਈ ਕੀਤੀ ਕਾਰਵਾਈ; ਇਜ਼ਰਾਈਲ ਨੇ ਇਰਾਨੀ ਮਿਜ਼ਾਈਲ ਸਟੋਰੇਜ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ
ਯੇਰੂਸ਼ਲਮ/ਵਾਸ਼ਿੰਗਟਨ, 21 ਜੂਨ
ਇਰਾਨ ਵੱਲੋਂ ਇਕ ਦਿਨ ਪਹਿਲਾਂ ਕਿਸੇ ਹਮਲੇ ਜਾਂ ਧਮਕੀ ਦੇ ਡਰ ਤਹਿਤ ਪਰਮਾਣੂ ਗੱਲਬਾਤ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤੇ ਜਾਣ ਪਿੱਛੋਂ ਸ਼ਨਿੱਚਰਵਾਰ ਨੂੰ ਇਰਾਨ ਅਤੇ ਇਜ਼ਰਾਈਲ ਨੇ ਇਕ-ਦੂਜੇ ਦੇ ਟਿਕਾਣਿਆਂ ਉਤੇ ਤਾਜ਼ਾ ਹਮਲੇ ਕੀਤੇ ਹਨ, ਜਦੋਂਕਿ ਦੂਜੇ ਪਾਸੇ ਯੂਰਪ ਵੱਲੋਂ ਅਮਨ ਵਾਰਤਾ ਨੂੰ ਟੁੱਟਣ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਜ਼ਰਾਈਲ ਵਿੱਚ ਤੜਕੇ 2:30 ਵਜੇ (ਸ਼ੁੱਕਰਵਾਰ ਨੂੰ 2330 GMT) ਤੋਂ ਥੋੜ੍ਹੀ ਦੇਰ ਬਾਅਦ ਇਜ਼ਰਾਈਲੀ ਫੌਜ ਵੱਲੋਂ ਇਰਾਨ ਦੇ ਮਿਜ਼ਾਈਲ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਗਈ। ਇਸ ਦੇ ਨਾਲ ਹੀ ਤਲ ਅਵੀਵ ਸਮੇਤ ਕੇਂਦਰੀ ਇਜ਼ਰਾਈਲ ਦੇ ਕੁਝ ਹਿੱਸਿਆਂ ਵਿੱਚ ਹਵਾਈ ਹਮਲੇ ਦੇ ਸਾਇਰਨ ਵੱਜੇ। ਇਸ ਦੇ ਨਾਲ ਹੀ ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਕੰਢੇ ਵਿੱਚ ਵੀ ਅਜਿਹੇ ਹੀ ਹਾਲਾਤ ਦੇਖਣ ਨੂੰ ਮਿਲੇ।
ਇਸ ਦੇ ਜਵਾਬ ਵਿਚ ਤਲ ਅਵੀਵ ਦੇ ਅਸਮਾਨ ਵਿੱਚ ਇਜ਼ਰਾਈਲ ਦੀ ਹਵਾਈ ਰੱਖਿਆ ਪ੍ਰਣਾਲੀ ਵੱਲੋਂ ਇਰਾਨੀ ਮਿਜ਼ਾਈਲਾਂ ਨੂੰ ਫੁੰਡਣ ਲਈ ਮਿਜ਼ਾਈਲਾਂ ਦਾਗੀਆਂ ਦਿਖਾਈ ਦੇ ਰਹੀਆਂ ਸਨ। ਇਸ ਕਾਰਨ ਤਲ ਅਵੀਵ ਮਹਾਂਨਗਰੀ ਖੇਤਰ ਵਿੱਚ ਧਮਾਕੇ ਗੂੰਜ ਰਹੇ ਸਨ।
ਦੂਜੇ ਪਾਸੇ ਇਜ਼ਰਾਈਲ ਨੇ ਵੀ ਇਰਾਨ ਵਿੱਚ ਮਿਜ਼ਾਈਲ ਸਟੋਰੇਜ ਅਤੇ ਲਾਂਚਿੰਗ ਬੁਨਿਆਦੀ ਢਾਂਚੇ ਦੇ ਸਥਾਨਾਂ 'ਤੇ ਨਵੇਂ ਸਿਰਿਉਂ ਹਮਲੇ ਕੀਤੇ ਹਨ। ਇਜ਼ਰਾਈਲ ਦੀ ਕੌਮੀ ਐਮਰਜੈਂਸੀ ਸੇਵਾ ‘ਮੈਗੇਨ ਡੇਵਿਡ ਐਡੋਮ’ (Magen David Adom) ਨੇ ਕਿਹਾ ਕਿ ਦੱਖਣੀ ਇਜ਼ਰਾਈਲ ਵਿੱਚ ਵੀ ਸਾਇਰਨ ਵੱਜੇ।
ਇੱਕ ਇਜ਼ਰਾਈਲੀ ਫੌਜੀ ਅਧਿਕਾਰੀ ਨੇ ਕਿਹਾ ਕਿ ਇਰਾਨ ਨੇ ਪੰਜ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ, ਪਰ ਕਿਸੇ ਸ਼ੁਰੂਆਤੀ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਐਮਰਜੈਂਸੀ ਸੇਵਾ ਵੱਲੋਂ ਜਾਰੀ ਤਸਵੀਰਾਂ ਵਿਚ ਮੱਧ ਇਜ਼ਰਾਈਲ ਵਿੱਚ ਇੱਕ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਦੀ ਛੱਤ 'ਤੇ ਅੱਗ ਦੀਆਂ ਲਾਟਾਂ ਉੱਠਦੀਆਂ ਦਿਖਾਈ ਦੇ ਰਹੀਆਂ ਸਨ। -ਰਾਇਟਰਜ਼