ਦਸਹਿਰੇ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ ਬਰੇਲੀ ਡਿਵੀਜ਼ਨ ਦੇ ਚਾਰ ਜ਼ਿਲ੍ਹਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਮੌਕੇ ਸੁਰੱਖਿਆ ਮੁਲਾਜ਼ਮਾਂ ਨੇ ਫਲੈਗ ਮਾਰਚ ਕੀਤਾ ਤੇ ਡਰੋਨਾਂ ਜ਼ਰੀਏ ਨਿਗਰਾਨੀ ਕੀਤੀ। ਸਰਕਾਰ ਨੇ ਬਰੇਲੀ ਜ਼ਿਲ੍ਹੇ ’ਚ ਚਾਰ ਅਕਤੂਬਰ ਦੁਪਹਿਰ ਤਕ ਇੰਟਰਨੈੱਟ ਸੇਵਾਵਾਂ ਮੁਅੱਤਲ ਦਰ ਦਿੱਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਹਿ ਵਿਭਾਗ ਦੇ ਨੋਟੀਫਿਕੇਸ਼ਨ ਅਨੁਸਾਰ 2 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਤੋਂ 4 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਤੱਕ ਬਰੇਲੀ ਵਿੱਚ ਮੋਬਾਈਲ ਇੰਟਰਨੈੱਟ, ਬ੍ਰਾਡਬੈਂਡ ਅਤੇ ਐਸ ਐਮ ਐਸ ਸੇਵਾਵਾਂ ਮੁਅੱਤਲ ਰਹਿਣਗੀਆਂ। ਗ੍ਰਹਿ ਸਕੱਤਰ ਗੌਰਵ ਦਿਆਲ ਦੇ ਹੁਕਮਾਂ ’ਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਜ਼ਰੀਏ ਅਫਵਾਹਾਂ ਫੈਲਣ ਅਤੇ ਫਿਰਕੂ ਤਣਾਅ ਵਧਣ ਦਾ ਖਦਸ਼ਾ ਹੈ ਜਿਸ ਕਰ ਕੇ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਕਿ ਸ਼ਾਂਤੀ ਬਣੀ ਰਹੇ।
ਪੁਲੀਸ ਨੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਨੂੰ ਬਰੇਲੀ ਜਾਣ ਤੋਂ ਰੋਕਿਆ
ਸਹਾਰਨਪੁਰ: ਇੱਥੋਂ ਦੀ ਪੁਲੀਸ ਨੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਨੂੰ ਹਿੰਸਾ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਬਰੇਲੀ ਜਾਣ ਤੋਂ ਰੋਕ ਦਿੱਤਾ ਹੈ। ਜ਼ਿਕਰਯੋਗ ਹੈ ਕਿ ‘ਆਈ ਲਵ ਮੁਹੰਮਦ’ ਵਿਵਾਦ ਸਬੰਧੀ 26 ਸਤੰਬਰ ਨੂੰ ਬਰੇਲੀ ਵਿੱਚ ਹਿੰਸਕ ਝੜਪਾਂ ਹੋਈਆਂ ਸਨ। ਸਹਾਰਨਪੁਰ ਦੇ ਵਧੀਕ ਐਸ ਪੀ (ਦਿਹਾਤੀ) ਸਾਗਰ ਜੈਨ ਅਨੁਸਾਰ ਲੋਕ ਸਭਾ ਮੈਂਬਰ ਆਜ਼ਾਦ ਬੁੱਧਵਾਰ ਦੇਰ ਰਾਤ ਛੁਟਮਲਪੁਰ ਦੇ ਹਰੀਜਨ ਕਲੋਨੀ ਵਿੱਚ ਪੁੱਜੇ। ਇਸ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਨੂੰ ਬਰੇਲੀ ਨਾ ਜਾਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਪੁਲੀਸ ਟੁਕੜੀ ਤਾਇਨਾਤ ਕਰ ਦਿੱਤੀ ਅਤੇ ਬੈਰੀਕੇਡ ਲਗਾ ਦਿੱਤੇ।