ਜਸਟਿਸ ਵਰਮਾ ਮਾਮਲੇ ’ਚ ਅੰਦਰੂਨੀ ਜਾਂਚ ਦੀ ਕੋਈ ਸੰਵਿਧਾਨਕ ਪ੍ਰਸੰਗਿਕਤਾ ਨਹੀਂ: ਸਿੱਬਲ
ਨਵੀਂ ਦਿੱਲੀ: ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਅੱਜ ਕਿਹਾ ਕਿ ਅਲਾਹਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਯਸ਼ਵੰਤ ਵਰਮਾ ਦੇ ਮਾਮਲੇ ’ਚ ਸੁਪਰੀਮ ਕੋਰਟ ਦੀ ਅੰਦਰੂਨੀ ਜਾਂਚ ਰਿਪੋਰਟ ਦੀ ‘ਕੋਈ ਸੰਵਿਧਾਨਕ ਪ੍ਰਸੰਗਿਕਤਾ ਨਹੀਂ’ ਹੈ, ਕਿਉਂਕਿ ਜਾਂਚ ਸਿਰਫ਼ ਜੱਜ ਜਾਂਚ ਐਕਟ ਤਹਿਤ ਹੀ ਹੋ ਸਕਦੀ ਹੈ। ਸਿੱਬਲ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਰਕਾਰ ’ਤੇ ਜਸਟਿਸ ਸ਼ੇਖਰ ਯਾਦਵ ਨੂੰ ਬਚਾਉਣ ਦਾ ਦੋਸ਼ ਲਾਇਆ। ਉਨ੍ਹਾਂ ਪਿਛਲੇ ਸਾਲ ਵਿਸ਼ਵ ਹਿੰਦੂ ਪਰਿਸ਼ਦ ਦੇ ਇੱਕ ਪ੍ਰੋਗਰਾਮ ’ਚ ‘ਫਿਰਕੂ ਟਿੱਪਣੀ’ ਕਰਨ ਲਈ ਜਸਟਿਸ ਯਾਦਵ ਖ਼ਿਲਾਫ਼ ਮਹਾਦੋਸ਼ ਦਾ ਮਤਾ ਲਿਆਉਣ ਲਈ ਨੋਟਿਸ ’ਤੇ ਉਨ੍ਹਾਂ ਦੇ ਦਸਤਖ਼ਤ ਦੀ ਕਥਿਤ ਪੁਸ਼ਟੀ ਲਈ ਉਨ੍ਹਾਂ ਨਾਲ ਸੰਪਰਕ ਕਰਨ ’ਤੇ ਰਾਜ ਸਭਾ ਸਕੱਤਰੇਤ ਦੇ ਕਦਮ ’ਤੇ ਸਵਾਲ ਚੁੱਕਿਆ। ਰਾਜ ਸਭਾ ਮੈਂਬਰ ਨੇ ਜਸਟਿਸ ਵਰਮਾ ਮਾਮਲੇ ’ਚ ਕਿਹਾ, ‘ਸੰਵਿਧਾਨ ਦੀ ਧਾਰਾ 124 ਤਹਿਤ ਜੇ ਰਾਜ ਸਭਾ ਦੇ 50 ਮੈਂਬਰ ਜਾਂ ਲੋਕ ਸਭਾ ਦੇ 100 ਮੈਂਬਰ ਕਿਸੇ ਜੱਜ ਨੂੰ ਅਹੁਦੇ ਤੋਂ ਹਟਾਉਣ ਦਾ ਮਤਾ ਲਿਆਉਣ ਲਈ ਨੋਟਿਸ ਦਿੰਦੇ ਹਨ ਤਾਂ ਜੱਜ ਜਾਂਚ ਐਕਟ ਤਹਿਤ ਜੱਜ ਜਾਂਚ ਕਮੇਟੀ ਗਠਿਤ ਕੀਤੀ ਜਾਂਦੀ ਹੈ।’ -ਪੀਟੀਆਈ