Interfaith Wedding: ਕੱਟੜਪੰਥੀਆਂ ਨੇ ਅੰਤਰ-ਧਰਮ ਵਿਆਹ ਦੀ Reception ਰੱਦ ਕਰਵਾਈ
Inter-faith couple of US cancels wedding reception in Aligarh after protest threat by rightwing groups; ਸੱਜੇਪੱਖੀ ਸਮੂਹਾਂ ਵੱਲੋਂ ਦਿੱਤੀ ਧਮਕੀ ਕਾਰਨ ਅਮਰੀਕਾ ’ਚ ਅੰਤਰ-ਧਰਮ ਵਿਆਹ ਕਰਾਉਣ ਵਾਲੇ ਜੋੜੇ ਨੇ ਅਲੀਗੜ੍ਹ ’ਚ ਰੱਖੀ ਰਿਸੈਪਸ਼ਨ ਪਾਰਟੀ ਰੱਦ ਕੀਤੀ
ਇਨ੍ਹਾਂ ਜਥੇਬੰਦੀਆਂ ਨੇ 12 ਦਸੰਬਰ ਨੂੰ ਐਲਾਨ ਕੀਤਾ ਕਿ ਉਹ ਇਸ ਸਮਾਗਮ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨਗੇ ਅਤੇ ਕਥਿਤ ਤੌਰ 'ਤੇ ਹੋਟਲ ਪ੍ਰਬੰਧਨ 'ਤੇ ਵੀ ਬੁਕਿੰਗ ਰੱਦ ਕਰਨ ਲਈ ਦਬਾਅ ਪਾਇਆ ਗਿਆ। ਕੱਟੜਪੰਥੀ ਜਥੇਬੰਦੀਆਂ ਨੇ ਇਸ ਸਮਾਗਮ ਦਾ ਸਖ਼ਤ ਵਿਰੋਧ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਸ਼ਹਿਰ) ਅਮਿਤ ਕੁਮਾਰ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਅਲੀਗੜ੍ਹ ਦੇ ਸਾਬਕਾ ਮੇਅਰ ਸ਼ਕੁੰਤਲਾ ਭਾਰਤੀ ਅਤੇ ਆਲ ਇੰਡੀਆ ਕਰਨੀ ਸੈਨਾ ਦੇ ਪ੍ਰਧਾਨ ਠਾਕੁਰ ਗਿਆਨੇਂਦਰ ਸਿੰਘ ਚੌਹਾਨ ਵੱਲੋਂ ਸਹੀਬੰਦ ਇੱਕ ਸਾਂਝਾ ਮੰਗ ਪੱਤਰ ਸੌਂਪਿਆ, ਜਿਸ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਇਸ ਰਿਸੈਪਸ਼ਨ ਨਾਲ ਅਸ਼ਾਂਤੀ ਫੈਲ ਸਕਦੀ ਹੈ।
ਬੰਗਲਾਦੇਸ਼ ਵਿੱਚ ਹਿੰਦੂਆਂ ਨਾਲ ਕਥਿਤ ਦੁਰਵਿਵਹਾਰ ਅਤੇ ਸੰਭਲ ਤੇ ਬਹਿਰਾਈਚ ਵਿੱਚ ਹਾਲ ਹੀ ਵਿੱਚ ਹੋਈ ਹਿੰਸਾ ਦਾ ਹਵਾਲਾ ਦਿੰਦੇ ਹੋਏ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਸਮਾਗਮ ਸ਼ਹਿਰ ਵਿੱਚ ਸ਼ਾਂਤੀ ਭੰਗ ਕਰ ਸਕਦਾ ਹੈ। ਚੌਹਾਨ ਨੇ ਕਿਹਾ ਕਿ ਇਹ ਵਿਆਹ ‘ਲਵ ਜੇਹਾਦ (love jihad) ਦਾ ਸਪੱਸ਼ਟ ਮਾਮਲਾ’ ਹੈ ਅਤੇ ਉਨ੍ਹਾਂ ਦਾ ਸੰਗਠਨ ਇਸ ਜਸ਼ਨ ਦਾ ਸਖ਼ਤ ਵਿਰੋਧ ਕਰੇਗਾ। ਹੋਟਲ ਪ੍ਰਬੰਧਨ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਜ਼ਿਲ੍ਹਾ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰੇਗਾ।
ਇਸ ਦੌਰਾਨ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੇ 13 ਦਸੰਬਰ ਨੂੰ ਵਿਚਾਰ-ਵਟਾਂਦਰਾ ਕੀਤਾ ਪਰ ਦੋਵਾਂ ਪਰਿਵਾਰਾਂ ਨੇ ‘ਅਣਦੇਖੇ ਹਾਲਾਤ’ ਦਾ ਹਵਾਲਾ ਦਿੰਦਿਆਂ ਆਪਣੇ ਆਪ ਹੀ ਸਮਾਗਮ ਰੱਦ ਕਰਨ ਦਾ ਫੈਸਲਾ ਕਰ ਲਿਆ। ਇਹ ਜੋੜਾ ਜਾਣੇ-ਪਛਾਣੇ ਪਰਿਵਾਰਾਂ ਨਾਲ ਸਬੰਧਤ ਅਤੇ ਉੱਚ ਸਿੱਖਿਆ ਪ੍ਰਾਪਤ ਅਤੇ ਹੁਨਰਮੰਦ ਪੇਸ਼ੇਵਰ ਹੈ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਸ਼ੁਰੂਆਤੀ ਵਿਰੋਧ ਤੋਂ ਬਾਅਦ ਦੋਵੇਂ ਪਰਿਵਾਰ ਵਿਆਹ ਲਈ ਸਹਿਮਤ ਹੋ ਗਏ। ਤਾਜ਼ਾ ਮਾਮਲੇ ਬਾਰੇ ਉਨ੍ਹਾਂ ਕੋਈ ਟਿੱਪਣੀ ਕਰਨ ਤੋਂ ਨਾਂਹ ਕਰਦਿਆਂ ਆਪਣੀ ਪਛਾਣ ਜ਼ਾਹਰ ਨਾ ਕੀਤੇ ਜਾਣ ਦੀ ਬੇਨਤੀ ਕੀਤੀ ਸੀ। -ਪੀਟੀਆਈ

