ਬੁੱਧੀਜੀਵੀਆਂ ਦਾ ਦੇਸ਼ ਵਿਰੋਧੀ ਹੋਣ ਦਾ ਰੁਝਾਨ ਬਣਿਆ: ਪੁਲੀਸ
ਦਿੱਲੀ ਦੰਗੇ ਕੇਸ ’ਚ ਖਾਲਿਦ, ਇਮਾਮ ਤੇ ਹੋਰਾਂ ਦੀ ਜ਼ਮਾਨਤ ਦਾ ਵਿਰੋਧ
ਦਿੱਲੀ ਪੁਲੀਸ ਨੇ ਫਰਵਰੀ 2020 ਦੇ ਦੰਗਿਆਂ ਦੇ ਕੇਸ ’ਚ ਕਾਰਕੁਨ ਉਮਰ ਖਾਲਿਦ, ਸ਼ਰਜੀਲ ਇਮਾਮ ਅਤੇ ਹੋਰਾਂ ਦੀਆਂ ਜ਼ਮਾਨਤ ਪਟੀਸ਼ਨਾਂ ਦਾ ਵਿਰੋਧ ਕਰਦਿਆਂ ਸੁਪਰੀਮ ਕੋਰਟ ’ਚ ਕਿਹਾ ਕਿ ਜਦੋਂ ਬੁੱਧੀਜੀਵੀ ਅਤਿਵਾਦੀ ਬਣ ਜਾਂਦੇ ਹਨ ਤਾਂ ਉਹ ਜ਼ਮੀਨੀ ਪੱਧਰ ’ਤੇ ਗਤੀਵਿਧੀਆਂ ਚਲਾਉਣ ਵਾਲੇ ਅਤਿਵਾਦੀਆਂ ਨਾਲੋਂ ਵੱਧ ਖ਼ਤਰਨਾਕ ਹੋ ਜਾਂਦੇ ਹਨ। ਡਾਕਟਰਾਂ ਅਤੇ ਇੰਜਨੀਅਰਾਂ ਦਾ ਦੇਸ਼ ਵਿਰੋਧੀ ਕੰਮਾਂ ’ਚ ਸ਼ਾਮਲ ਹੋਣਾ ਹੁਣ ਰੁਝਾਨ ਬਣ ਗਿਆ ਹੈ।
ਦਿੱਲੀ ਪੁਲੀਸ ਵੱਲੋਂ ਪੇਸ਼ ਹੋਏ ਵਧੀਕ ਸੌਲੀਸਿਟਰ ਜਨਰਲ ਐੱਸ ਵੀ ਰਾਜੂ ਨੇ ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਐੱਨ ਵੀ ਅੰਜਾਰੀਆ ਦੇ ਬੈਂਚ ਨੂੰ ਦੱਸਿਆ ਕਿ ਸੁਣਵਾਈ ’ਚ ਦੇਰੀ ਮੁਲਜ਼ਮਾਂ ਕਾਰਨ ਹੋਈ ਹੈ ਅਤੇ ਉਹ ਇਸ ਦਾ ਲਾਹਾ ਨਹੀਂ ਲੈ ਸਕਦੇ।
ਉਨ੍ਹਾਂ ਨਾਗਰਿਕਤਾ ਰੋਕ ਕਾਨੂੰਨ ਖ਼ਿਲਾਫ਼ ਇਮਾਮ ਦੇ ‘ਭੜਕਾਊ ਭਾਸ਼ਣਾਂ’ ਦੇ ਵੀਡੀਓ ਸੁਪਰੀਮ ਕੋਰਟ ’ਚ ਦਿਖਾਏ। ਵੀਡੀਓ ’ਚ ਇਮਾਮ ਫਰਵਰੀ 2020 ’ਚ ਦਿੱਲੀ ’ਚ ਹੋਏ ਦੰਗਿਆਂ ਤੋਂ ਪਹਿਲਾਂ 2019 ਤੇ 2020 ’ਚ ਚਾਖੰਡ, ਜਾਮੀਆ, ਅਲੀਗੜ੍ਹ ਤੇ ਆਸਨਸੋਲ ’ਚ ਭਾਸ਼ਣ ਦਿੰਦਾ ਦਿਖਾਈ ਦੇ ਰਿਹਾ ਹੈ। ਇਮਾਮ ਇੰਜਨੀਅਰਿੰਗ ਦਾ ਗਰੈਜੁਏਟ ਹੈ। ਅੱਜ ਕੱਲ੍ਹ ਇਹ ਰੁਝਾਨ ਬਣ ਗਿਆ ਹੈ ਕਿ ਡਾਕਟਰ, ਇੰਜਨੀਅਰ ਆਪਣੇ ਪੇਸ਼ੇ ਦਾ ਕੰਮ ਨਹੀਂ ਕਰ ਰਹੇ ਸਗੋਂ ਦੇਸ਼ ਵਿਰੋਧੀ ਕੰਮਾਂ ’ਚ ਸ਼ਾਮਲ ਹੋ ਰਹੇ ਹਨ। ਇਹ ਕੋਈ ਸਾਧਾਰਨ ਗੱਲ ਨਹੀਂ ਹੈ, ਇਹ ਹਿੰਸਕ ਰੁਝਾਨ ਹੈ, ਉਹ ਨਾਕਾਬੰਦੀ ਦੀ ਗੱਲ ਕਰ ਰਹੇ ਹਨ।
ਜਸਟਿਸ ਅਰਵਿੰਦ ਕੁਮਾਰ ਨੇ ਪੁੱਛਿਆ ਕਿ ਕੀ ਭਾਸ਼ਣ ਦੋਸ਼ ਪੱਤਰ ਦਾ ਹਿੱਸਾ ਸਨ ਜਿਸ ਦਾ ਸ੍ਰੀ ਰਾਜੂ ਨੇ ‘ਹਾਂ’ ਵਿੱਚ ਜਵਾਬ ਦਿੱਤਾ। ਸ੍ਰੀ ਰਾਜੂ ਨੇ ਕਿਹਾ ਕਿ ਸੀ ਏ ਏ ਖ਼ਿਲਾਫ਼ ਮੁਜ਼ਾਹਰੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਭਾਰਤ ਯਾਤਰਾ ਦੌਰਾਨ ਜਾਣਬੁੱਝ ਕੇ ਕੀਤੇ ਗਏ ਸਨ ਤਾਂ ਜੋ ਕੌਮਾਂਤਰੀ ਮੀਡੀਆ ਦਾ ਧਿਆਨ ਖਿੱਚਿਆ ਜਾ ਸਕੇ। ਅਸਲ ਮਕਸਦ ਸੱਤਾ ਤਬਦੀਲੀ, ਅਰਥਚਾਰੇ ਦਾ ਗਲਾ ਘੁੱਟਣਾ ਅਤੇ ਅਰਾਜਕਤਾ ਫੈਲਾਉਣਾ ਸੀ। ਜ਼ਿਕਰਯੋਗ ਹੈ ਕਿ ਦਿੱਲੀ ਦੰਗਿਆਂ ਦੇ ਸਬੰਧ ਵਿੱਚ ਖਾਲਿਦ, ਇਮਾਮ, ਗੁਲਫਿਸ਼ਾ ਫਾਤਿਮਾ, ਮੀਰਾਨ ਹੈਦਰ ਤੇ ਰਹਿਮਾਨ ਖ਼ਿਲਾਫ਼ ਕੇਸ ਦਰਜ ਹੈ।

